ਪੁੰਛ ਹਮਲੇ ਨਾਲ ਜੁੜਿਆ ਵਿਅਕਤੀ ਚੜ੍ਹਿਆ ਪੁਲਸ ਅੜਿੱਕੇ
![](http://mehakewattan.com/wp-content/uploads/2023/04/2016_10image_12_45_258900000custody-ll.jpg)
ਜੰਮੂ : ਜੰਮੂ-ਕਸ਼ਮੀਰ ਦੇ ਪੁੰਛ ਵਿਚ ਹੋਏ ਹਮਲੇ ਵਿਚ ਸ਼ਾਮਲ ਅੱਤਵਾਦੀਆਂ ਦੀ ਭਾਲ ਵਿਚ ਤਕਰੀਬਨ 1 ਹਫ਼ਤੇ ਤਕ ਲਗਾਤਾਰ ਚੱਲੀ ਤਲਾਸ਼ੀ ਮੁਹਿੰਮ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਸਮੂਹ ਨੂੰ ਰਸਦ ਸਹਾਇਤਾ ਤੇ ਰਿਹਾਇਸ਼ ਲਈ ਜਗ੍ਹਾ ਮੁਹੱਈਆ ਕਰਵਾਉਣ ਲਈ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਹਿਰਾਸਤ ਵਿਚ ਲਏ ਗਏ ਵਿਅਕਤੀ ਨੇ 20 ਅਪ੍ਰੈਲ ਨੂੰ ਤੋਤਾ ਗਲੀ, ਭਿੰਬਰ ਗਲੀ ਸੈਕਟਰ, ਮੇਂਢਰ ਪੁੰਛ ਦੇ ਭਾਟਾ ਧੁਰੀਆਂ ਵਿਚ ਹਮਲੇ ਨੂੰ ਅੰਜਾਮ ਦੇਣ ਤੋਂ ਪਹਿਲਾਂ ਘੱਟੋ-ਘੱਟ 2 ਮਹੀਨਿਆਂ ਤਕ ਅੱਤਵਾਦੀਆਂ ਨੂੰ ਰਿਹਾਇਸ਼ ਮੁਹੱਈਆ ਕਰਵਾਈ ਸੀ।
ਇਸ ਮਾਮਲੇ ਵਿਚ ਪਹਿਲਾਂ ਹੀ 50 ਲੋਕਾਂ ਨੂੰ ਹਿਰਾਸਤ ਵਿਚ ਲਿਆ ਜਾ ਚੁੱਕਿਆ ਹੈ ਜਿਨ੍ਹਾਂ ‘ਚੋਂ ਕਈਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਫ਼ੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪਿੰਦਰ ਦਿਵੇਦੀ ਨੇ ਵੀ ਰਾਜੌਰੀ ਤੇ ਪੁੰਛ ਦੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕੀਤਾ ਤੇ ਚੱਲ ਰਹੀ ਮੁਹਿੰਮ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਫ਼ੌਜੀਆਂ ਨੂੰ ਉਨ੍ਹਾਂ ਦਾ ਪਿੱਛਾ ਕਰਨ ਲਈ ਕਿਹਾ। ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਇਸ ਖੇਤਰ ਵਿਚ ਸੈਨਾ ਕਮਾਂਡਰ ਦਾ ਇਹ ਦੂਜਾ ਦੌਰਾ ਸੀ। ਹਮਲੇ ਤੋਂ ਬਾਅਦ ਵੱਡੇ ਪੱਧਰ ‘ਤੇ ਤਲਾਸ਼ੀ ਤੇ ਘੇਰਾਬੰਦੀ ਮੁਹਿੰਮ ਸ਼ੁਰੂ ਕੀਤੀ ਗਈ ਤੇ ਇਹ ਹੁਣ ਪੁੰਛ ਤੇ ਰਾਜੌਰੀ ਜ਼ਿਲ੍ਹਿਆਂ ਦੇ 12 ਖੇਤਰਾਂ ਵਿਚ ਫੈਲ ਗਿਆ ਹੈ।