ਗੁਜਰਾਤ ਟਾਈਟਨਜ਼ ਵਿਰੁੱਧ ਮੁੰਬਈ ਇੰਡੀਅਨਜ਼ ਨੂੰ ਸੁਲਝਾਉਣੀ ਪਵੇਗੀ ਡੈੱਥ ਓਵਰਾਂ ਦੀ ਗੁੱਥੀ

ਅਹਿਮਦਾਬਾਦ – ਲਗਾਤਾਰ ਤਿੰਨ ਮੈਚਾਂ ’ਚ ਜਿੱਤ ਤੋਂ ਬਾਅਦ ਪਿਛਲੇ ਮੈਚ ’ਚ ਪੰਜਾਬ ਕਿੰਗਜ਼ ਹੱਥੋਂ ਹਾਰ ਦਾ ਸਾਹਮਣਾ ਕਰਨ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਮੰਗਲਵਾਰ ਨੂੰ ਗੁਜਰਾਤ ਟਾਈਟਨਸ ਵਿਰੁੱਧ ਇੱਥੇ ਹੋਣ ਵਾਲੇ ਮੈਚ ’ਚ ਜੇਕਰ ਫਿਰ ਤੋਂ ਜਿੱਤ ਦੀ ਰਾਹ ’ਤੇ ਪਰਤਣਾ ਹੈ ਤਾਂ ਉਸ ਨੂੰ ਡੈੱਥ ਓਵਰਾਂ ਦੀ ਗੇਂਦਬਾਜ਼ੀ ਵਿਚ ਸੁਧਾਰ ਕਰਨਾ ਪਵੇਗਾ। ਮੁੰਬਈ ਨੇ ਖਰਾਬ ਸ਼ੁਰੂਆਤ ਤੋਂ ਬਾਅਦ ਜਿੱਤ ਦੀ ਹੈਟ੍ਰਿਕ ਬਣਾਈ ਸੀ ਪਰ ਸ਼ਨੀਵਾਰ ਨੂੰ ਪਿਛਲੇ ਮੈਚ ਵਿਚ ਉਸ ਨੂੰ ਪੰਜਾਬ ਨਾਲ 13 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ਵਿਚ ਮੁੰਬਈ ਦੇ ਗੇਂਦਬਾਜ਼ਾਂ ਨੇ ਆਖਰੀ 5 ਓਵਰਾਂ ’ਚ 96 ਦੌੜਾਂ ਦਿੱਤੀਆਂ, ਜਿਸ ਨਾਲ ਪੰਜਾਬ 8 ਵਿਕਟਾਂ ’ਤੇ 214 ਦੌੜਾਂ ਬਣਾਉਣ ’ਚ ਸਫਲ ਰਿਹਾ।

ਗੁਜਰਾਤ ਵਿਰੁੱਧ ਮੁਕਾਬਲੇ ਤੋਂ ਪਹਿਲਾਂ ਮੁੰਬਈ ਨੂੰ ਆਖਰੀ ਓਵਰਾਂ ’ਚ ਖਰਾਬ ਗੇਂਦਬਾਜ਼ੀ ਨਾਲ ਨਜਿੱਠਣਾ ਪਵੇਗਾ। ਮੁੰਬਈ ਦੇ ਤੇਜ਼ ਗੇਂਦਬਾਜ਼ਾਂ ਅਰਜੁਨ ਤੇਂਦੁਲਕਰ, ਜੈਸਨ ਬਹਿਨਰਡ੍ਰੌਫ, ਕੈਮਰਨ ਗ੍ਰੀਨ ਤੇ ਜੋਫ੍ਰਾ ਆਰਚਰ ਵਿਚੋਂ ਹਰੇਕ ਨੇ ਉਸ ਮੈਚ ਵਿਚ 40 ਤੋਂ ਵੱਧ ਦੌੜਾਂ ਦਿੱਤੀਆਂ ਸਨ। ਤਜਰਬੇਕਾਰ ਸਪਿਨਰ ਪਿਊਸ਼ ਚਾਵਲਾ ਤੇ ਉਸਦੇ ਨੌਜਵਾਨ ਸਾਥੀ ਰਿਤਿਕ ਸ਼ੌਕੀਨ ਨੇ ਹਾਲਾਂਕਿ ਚੰਗੀ ਗੇਂਦਬਾਜ਼ੀ ਕੀਤੀ ਸੀ। ਮੁੰਬਈ ਦੀ ਬੱਲੇਬਾਜ਼ੀ ਹਾਲਾਂਕਿ ਮਜ਼ਬੂਤ ਨਜ਼ਰ ਆਉਂਦੀ ਹੈ। ਕਪਤਾਨ ਰੋਹਿਤ ਸ਼ਰਮਾ ਤੇ ਇਸ਼ਾਨ ਕਿਸ਼ਨ ਨੇ ਜਿੱਥੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ ਹੈ, ਉੱਥੇ ਹੀ ਸੂਰਯਕੁਮਾਰ ਯਾਦਵ ਦਾ ਫਾਰਮ ਵਿਚ ਪਰਤਣਾ ਟੀਮ ਲਈ ਹਾਂ-ਪੱਖੀ ਸੰਕੇਤ ਹੈ। ਇਸ ਤੋਂ ਇਲਾਵਾ ਆਲਰਾਊਂਡਰ ਗ੍ਰੀਨ ਤੇ ਟਿਮ ਡੇਵਿਡ ਨੇ ਵੀ ਬੱਲੇਬਾਜ਼ੀ ਵਿਚ ਉਪਯੋਗੀ ਯੋਗਦਾਨ ਦਿੱਤਾ।

ਗੁਜਰਾਤ ਦਾ ਗੇਂਦਬਾਜ਼ੀ ਹਮਲਾ ਹਾਲਾਂਕਿ ਮਜ਼ਬੂਤ ਹੈ ਤੇ ਅਜਿਹੇ ਵਿਚ ਮੁੰਬਈ ਦੇ ਬੱਲੇਬਾਜ਼ਾਂ ਲਈ ਕੰਮ ਆਸਾਨ ਨਹੀਂ ਹੋਵੇਗਾ। ਗੁਜਰਾਤ ਦੇ ਗੇਂਦਬਾਜ਼ਾਂ ਦੀ ਇਸ ਸੈਸ਼ਨ ’ਚ ਸਕੋਰ ਦਾ ਬਚਾਅ ਨਾ ਕਰਨ ਲਈ ਆਲੋਚਨਾ ਹੋ ਰਹੀ ਸੀ ਪਰ ਲਖਨਊ ਸੁਪਰ ਜਾਇੰਟਸ ਵਿਰੁੱਧ ਉਸ ਨੇ ਡੈੱਥ ਓਵਰਾਂ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਕੇ ਘੱਟ ਸਕੋਰ ਦਾ ਸਫਲਤਾਪੂਰਵਰਕ ਬਚਾਅ ਕੀਤਾ ਸੀ। ਗੁਜਰਾਤ ਦੀ ਇਸ ਜਿੱਤ ਦਾ ਹੀਰੋ ਤਜਰਬੇਕਾਰ ਮੋਹਿਤ ਸ਼ਰਮਾ ਰਿਹਾ, ਜਿਸ ਨੂੰ ਮੈਚ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਸੀ। ਇਸ ਮੈਚ ਵਿਚ ਲਖਨਊ ਨੇ 136 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 14 ਓਵਰਾਂ ’ਚ ਇਕ ਵਿਕਟ ’ਤੇ 105 ਦੌੜਾਂ ਬਣਾਈਆਂ ਸਨ ਪਰ ਮੋਹਿਤ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਗੁਜਰਾਤ ਇਹ ਮੈਚ ਜਿੱਤਣ ਵਿਚ ਸਫਲ ਰਿਹਾ। ਮੋਹਿਤ ਨੇ ਆਖਰੀ ਓਵਰ ’ਚ 12 ਦੌੜਾਂ ਦਾ ਸਫਲਤਾਪੂਰਵਕ ਬਚਾਅ ਕੀਤਾ। ਮੋਹਿਤ ਨੇ ਜਿੱਥੇ ਗੁਜਰਾਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਉੱਥੇ ਹੀ ਤਜਰਬੇਕਾਰ ਮੁਹੰਮਦ ਸ਼ੰਮੀ ਨੇ ਵੀ ਵਿਕਟ ਲੈਣ ਵਿਚ ਕੋਈ ਕਸਰ ਨਹੀਂ ਛੱਡੀ ਹੈ। 

ਕਪਤਾਨ ਹਾਰਦਿਕ ਪੰਡਯਾ ਹਾਲਾਂਕਿ ਅਜੇ ਤਕ ਗੇਂਦਬਾਜ਼ੀ ਨਾਲ ਕਮਾਲ ਨਹੀਂ ਦਿਖਾ ਸਕਿਆ ਹੈ ਤੇ ਉਸਦੇ ਨਾਂ ’ਤੇ ਅਜੇ ਤਕ ਸਿਰਫ ਇਕ ਵਿਕਟ ਦਰਜ ਹੈ। ਰਾਸ਼ਿਦ ਖਾਨ ਦੀ ਅਗਵਾਈ ’ਚ ਗੁਜਰਾਤ ਦਾ ਸਪਿਨ ਹਮਲਾ ਵੀ ਮਜ਼ਬੂਤ ਹੈ, ਜਿਸ ਵਿਚ ਅਫਗਾਨਿਸਤਾਨ ਦਾ ਆਰਮ ਸਪਿਨਰ ਨੂਰ ਅਹਿਮਦ ਤੇ ਤਜਰਬੇਕਾਰ ਜਯੰਤ ਯਾਦਵ ਵੀ ਸ਼ਾਮਲ ਹੈ। ਪਿਛਲੇ ਮੈਚ ਵਿਚ ਜਯੰਤ ਨੇ ਆਪਣੇ ਆਖਰੀ ਦੋ ਓਵਰਾਂ ’ਚ ਸਿਰਫ 7 ਦੌੜਾਂ ਦਿੱਤੀਆਂ ਸਨ ਜਦਕਿ ਨੂਰ ਅਹਿਮਦ ਨੇ ਆਪਣੇ ਆਖਰੀ ਦੋ ਓਵਰਾਂ ’ਚ ਪੰਜ ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਸਨ। ਬੱਲੇਬਾਜ਼ੀ ਵਿਚ ਰਿਧੀਮਾਨ ਸਾਹਾ ਤੇ ਸ਼ੁਭਮਨ ਗਿੱਲ ਚੋਟੀਕ੍ਰਮ ’ਤੇ ਚੰਗਾ ਯੋਗਦਾਨ ਦੇ ਰਿਹਾ ਹੈ ਜਦਕਿ ਪਿਛਲੇ ਮੈਚ ਵਿਚ ਕਪਤਾਨ ਹਾਰਦਿਕ ਪੰਡਯਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਗੁਜਰਾਤ ਨੂੰ ਹਾਲਾਂਕਿ ਵਿਚਾਲੇ ਦੇ ਓਵਰਾਂ ’ਚ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਹੈ। ਇਸ ਦੇ ਲਈ ਡੇਵਿਡ ਮਿਲਰ ਨੂੰ ਟਾਪ-ਆਰਡਰ ਵਿਚ ਬੱਲੇਬਾਜ਼ੀ ਕਰਨ ਲਈ ਭੇਜਣਾ ਸਹੀ ਰਹੇਗਾ।

Add a Comment

Your email address will not be published. Required fields are marked *