ਰੈਪਰ ਬਾਦਸ਼ਾਹ ਨੇ ਲੋਕਾਂ ਤੋਂ ਮੰਗੀ ਮੁਆਫ਼ੀ, ਕਿਹਾ- ਗੀਤ ਨੂੰ ਹਟਾਉਣ ਲਈ ਵੀ ਚੁੱਕਾਂਗੇ ਕਦਮ

ਜਲੰਧਰ: ਬੀਤੇ ਕਈ ਦਿਨਾਂ ਤੋਂ ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਨੇ ਆਪਣੇ ਗੀਤ ‘ਸਨਕ’ ‘ਚ ਵਰਤੇ ਗਏ ਸ਼ਬਦ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਹੋਏ ਹਨ। ਵਿਵਾਦ ਨੂੰ ਜ਼ਿਆਦਾ ਵਧਦਾ ਵੇਖ ਅੱਜ ਬਾਦਸ਼ਾਹ ਨੇ ਲੋਕਾਂ ਕੋਲੋਂ ਮਾਫ਼ੀ ਮੰਗ ਲਈ ਹੈ। ਕੁਝ ਘੰਟੇ ਪਹਿਲਾ ਹੀ ਬਾਦਸ਼ਾਹ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ‘ਚ ਉਨ੍ਹਾਂ ਨੇ ਪ੍ਰਸ਼ੰਸ਼ਕਾਂ ਕੋਲੋਂ ਮਾਫ਼ੀ ਮੰਗੀ ਹੈ। 

ਮੁਆਫ਼ੀ ਮੰਗਦੇ ਹੋਏ ਬਾਦਸ਼ਾਹ ਨੇ ਲਿਖਿਆ, ”ਇਹ ਮੇਰੇ ਧਿਆਨ ‘ਚ ਆਇਆ ਹੈ ਕਿ ਮੇਰੀ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਸਨਕ’ ਨੇ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੈਂ ਕਦੇ ਵੀ ਆਪਣੀ ਮਰਜ਼ੀ ਨਾਲ ਜਾਂ ਅਣਜਾਣੇ ‘ਚ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਵਾਂਗਾ। ਮੇਰੇ ਪ੍ਰਸ਼ੰਸਕਾਂ, ਮੇਰੀਆਂ ਕਲਾਤਮਕ ਰਚਨਾਵਾਂ ਅਤੇ ਸੰਗੀਤਕ ਰਚਨਾਵਾਂ ਨੂੰ ਪੂਰੀ ਇਮਾਨਦਾਰੀ ਅਤੇ ਜਨੂੰਨ ਨਾਲ ਤੁਹਾਡੇ ਲਈ ਲਿਆ ਰਿਹਾ ਹਾਂ।” ਅੱਗੇ ਬਾਦਸ਼ਾਹ ਨੇ ਲਿਖਿਆ ਕਿ ਉਹ ਆਪਣੇ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਚ ਕੁਝ ਅਹਿਮ ਬਦਲਾਅ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ, ਇਸ ਲਈ ਉਹ ਇਸ ਗੀਤ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਲਈ ਵੀ ਕਦਮ ਚੁੱਕਣਗੇ। ਦੱਸ ਦਈਏ ਕਿ ਤਬਦੀਲੀ ਦੀ ਪ੍ਰਕਿਰਿਆ ਦੌਰਾਨ ਕੁਝ ਦਿਨ ਹੋਰ ਲੱਗਣਗੇ ਅਤੇ ਸਾਰੀਆਂ ਤਬਦੀਲੀਆਂ ਸਾਰੇ ਪਲੇਟਫਾਰਮਾਂ ‘ਤੇ ਦਿਖਾਈ ਦੇਣਗੀਆਂ।

ਮਹਾਕਾਲ ਮੰਦਿਰ ਦੇ ਪੁਜਾਰੀ ਸਣੇ ਕਈ ਸ਼ਰਧਾਲੂਆਂ ਨੇ ਗੀਤ ‘ਚ ਭੋਲੇਨਾਥ ਦਾ ਨਾਂ ਅਸ਼ਲੀਲ ਸ਼ਬਦਾਂ ਨਾਲ ਵਰਤਣ ‘ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਗੀਤ ‘ਚੋਂ ਭਗਵਾਨ ਦਾ ਨਾਂ ਹਟਾਇਆ ਜਾਵੇ ਅਤੇ ਬਾਦਸ਼ਾਹ ਮੁਆਫ਼ੀ ਮੰਗੇ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਮੁਆਫ਼ੀ ਨਾ ਮੰਗੀ ਤਾਂ ਉਜੈਨ ਸਣੇ ਹੋਰ ਸ਼ਹਿਰਾਂ ‘ਚ ਬਾਦਸ਼ਾਹ ਖ਼ਿਲਾਫ਼ ਐੱਫ. ਆਈ. ਆਰ. ਕਰਵਾਈ ਜਾਵੇਗੀ।
ਮਹਾਕਾਲ ਦੇ ਸੀਨੀਅਰ ਪੁਜਾਰੀ ਮਹੇਸ਼ ਪੁਜਾਰੀ ਨੇ ਬਾਦਸ਼ਾਹ ਦੇ ਗੀਤ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ, ‘ਕਿਸੇ ਵੀ ਗਾਇਕ, ਅਭਿਨੇਤਾ-ਅਭਿਨੇਤਰੀ, ਉਨ੍ਹਾਂ ਨੂੰ ਰੱਬ ਦੇ ਨਾਂ ‘ਤੇ ਅਸ਼ਲੀਲਤਾ ਫੈਲਾਉਣ ਦਾ ਕੋਈ ਅਧਿਕਾਰ ਨਹੀਂ ਹੈ। ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਮਹਾਕਾਲ ਸੈਨਾ, ਪੁਜਾਰੀ ਮਹਾਸੰਘ ਅਤੇ ਹਿੰਦੂ ਸੰਗਠਨ ਐੱਫ. ਆਈ. ਆਰ. ਦਰਜ ਕਰਵਾਉਣਗੇ। ਇਸ ਤਰ੍ਹਾਂ ਹਰ ਕੋਈ ਸਨਾਤਨ ਧਰਮ ਨੂੰ ਗ਼ਲਤ ਢੰਗ ਨਾਲ ਪੇਸ਼ ਕਰਦਾ ਰਹੇਗਾ, ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਮਹਾਕਾਲ ਸੈਨਾ ਅਤੇ ਪੁਜਾਰੀ ਮਹਾਸੰਘ ਸਮੇਤ ਹਿੰਦੂ ਸੰਗਠਨਾਂ ਨੇ ਤੁਰੰਤ ਇਸ ਗੀਤ ਤੋਂ ਭਗਵਾਨ ਭੋਲੇਨਾਥ ਦਾ ਨਾਂ ਹਟਾਉਣ ਲਈ ਕਿਹਾ ਸੀ।

ਦੱਸਣਯੋਗ ਹੈ ਕਿ ਬਾਦਸ਼ਾਹ ਦਾ 2 ਮਿੰਟ 15 ਸੈਕਿੰਡ ਦਾ ਨਵਾਂ ਗੀਤ ਜ਼ਬਰਦਸਤ ਟ੍ਰੈਂਡ ਕਰ ਰਿਹਾ ਹੈ। ਗੀਤ ਦੇ 40 ਸਕਿੰਟਾਂ ਬਾਅਦ ਗੀਤ ਦੇ ਅੰਤ ‘ਚ ਬੋਲ ਹਨ, ਕਭੀ ਸੈਕਸ ਤੋ ਕਭੀ ਗਿਆਨ ਬਾਂਟਤਾ ਫਿਰੂੰ… ਇਸ ਤੋਂ ਬਾਅਦ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਗੀਤ ਦੇ ਬੋਲ ‘ਹਿੱਟ ਪਰ ਹਿੱਟ ਮੈਂ ਮਾਰਤਾ ਫਿਰੂੰ’… ਤੀਨ-ਤੀਨ ਰਾਤ ਮੇਂ ਲਗਾਤਾਰ ਜਾਗਤਾ, ਭੋਲੇਨਾਥ ਕੇ ਸਾਥ ਮੇਰੀ ਬਨਤੀ ਹੈ। ਇਸ ਗੀਤ ‘ਤੇ ਕਈ ਮਸ਼ਹੂਰ ਹਸਤੀਆਂ ਨੇ ਰੀਲਾਂ ਲਗਾਈਆਂ ਹਨ। ਗੀਤ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਪਰ ਹੁਣ ਸ਼ਿਵ ਭਗਤ ਇਸ ਗੀਤ ਤੋਂ ਨਾਰਾਜ਼ ਹਨ।

Add a Comment

Your email address will not be published. Required fields are marked *