ਨਿੱਜੀਕਰਨ ਦੇ ਮੁੱਦੇ ’ਤੇ ਰਾਹੁਲ ਗਾਂਧੀ ਕੇਂਦਰ ਉੱਤੇ ਵਰ੍ਹੇ
![](http://mehakewattan.com/wp-content/uploads/2023/04/2023_4largeimg_750183978.jpg)
ਹਵੇਰੀ , 24 ਅਪਰੈਲ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਸੂਬਿਆਂ ਦੀ ਮਾਲਕੀ ਵਾਲੀਆਂ ਕੰਪਨੀਆਂ ਦੇ ਨਿੱਜੀਕਰਨ ਨੂੰ ਹੁਲਾਰਾ ਦੇਣ ਅਤੇ ਦੇਸ਼ ਵਿੱਚ ਸਰਕਾਰੀ ਨੌਕਰੀਆਂ ਦੀ ਗਿਣਤੀ ਘਟਾਉਣ ਦਾ ਦੋਸ਼ ਲਾਇਆ। ਹਵੇਰੀ ਜ਼ਿਲ੍ਹੇ ਵਿੱਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਭ੍ਰਿਸ਼ਟਾਚਾਰ, ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦਿਆਂ ’ਤੇ ਸਰਕਾਰ ’ਤੇ ਹਮਲਾ ਕੀਤਾ। ਗਾਂਧੀ ਨੇ ਦੋਸ਼ ਲਾਇਆ ਕਿ ਇਕ-ਇਕ ਕਰ ਕੇ ਸਰਕਾਰੀ ਕੰਪਨੀਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 10 ਮਈ ਨੂੰ ਹੋ ਰਹੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਉਹ ਪਾਰਟੀ ਲਈ ਪ੍ਰਚਾਰ ਕਰਨ ਲਈ ਸੂਬੇ ਦੇ ਦੌਰੇ ’ਤੇ ਹਨ। ਉਨ੍ਹਾਂ ਕਿਹਾ,‘ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਸਨ, ਉਦੋਂ ਉਨ੍ਹਾਂ ਆਖਿਆ ਸੀ ਕਿ ਦੋ ਕਰੋੜ ਨੌਜਵਾਨਾਂ ਨੂੰ ਹਰ ਸਾਲ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ 40 ਵਰ੍ਹਿਆਂ ਵਿੱਚ ਮੌਜੂਦਾ ਸਮੇਂ ਸਭ ਤੋਂ ਵੱਧ ਬੇਰੁਜ਼ਗਾਰੀ ਹੈ। ਗਾਂਧੀ ਨੇ ਕਿਹਾ,‘ਸਾਨੂੰ ਅਜਿਹਾ ਹਿੰਦੁਸਤਾਨ ਨਹੀਂ ਚਾਹੀਦਾ, ਨਾ ਹੀ ਸਾਨੂੰ ਬੇਰੁਜ਼ਗਾਰੀ ਚਾਹੀਦੀ ਹੈ ਤੇ ਨਾ ਹੀ ਸਾਨੂੰ ਗਰੀਬ ਭਾਰਤ ਦੀ ਲੋੜ ਹੈ, ਸਾਨੂੰ ਤਾਂ ਨਿਆਂ ਚਾਹੀਦਾ ਹੈ।’ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਨੂੰ ਚੋਣਾਂ ਵਿੱਚ ਘੱਟ ਤੋਂ ਘੱਟ 150 ਸੀਟਾਂ ਦਿੱਤੀਆਂ ਜਾਣ ਅਤੇ ਉਨ੍ਹਾਂ (ਭਾਜਪਾ) ਨੂੰ 40 ਤੋਂ ਉੱਤੇ ਨਾ ਦਿੱਤੀਆਂ ਜਾਣ। ਬੇਲਗਾਵੀ ਜ਼ਿਲ੍ਹੇ ਦੇ ਰਾਮਦੁਰਗ ਵਿੱਚ ਗੰਨਾ ਉਤਪਾਦਕਾਂ ਨਾਲ ਰੂਬਰੂ ਮਗਰੋਂ ਉਨ੍ਹਾਂ ਕਿਹਾ ਕਿ ਭਾਰਤ ਦੀ ਤਰੱਕੀ ਕਿਸਾਨਾਂ, ਮਜ਼ਦੂਰਾਂ ਤੇ ਛੋਟੀਆਂ ਸਨਅਤਾਂ ਦੀ ਤਰੱਕੀ ’ਤੇ ਨਿਰਭਰ ਕਰਦੀ ਹੈ।