ਸਾਊਦੀ ਅਰਬ ਨੇ ਵਧਾਇਆ ਮਦਦ ਦਾ ਹੱਥ, ਸੂਡਾਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ

 ਇਸ ਸਮੇਂ ਸੂਡਾਨ ਦੇ ਹਾਲਾਤ ਚੰਗੇ ਨਹੀਂ ਹਨ। ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਲੜਾਈ ‘ਚ ਘਰੇਲੂ ਯੁੱਧ ਵਰਗੀ ਸਥਿਤੀ ਬਣ ਗਈ ਹੈ। ਪਿਛਲੇ ਇਕ ਹਫ਼ਤੇ ਤੋਂ ਸੂਡਾਨ ‘ਚ ਹਿੰਸਾ ਹੋ ਰਹੀ ਹੈ। ਇਸ ਦੌਰਾਨ ਸਾਊਦੀ ਅਰਬ ਨੇ ਮਦਦ ਦਾ ਹੱਥ ਵਧਾਉਂਦਿਆਂ ਸੂਡਾਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸੂਡਾਨ ਤੋਂ 150 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਇਸ ਵਿੱਚ ਵਿਦੇਸ਼ੀ ਡਿਪਲੋਮੈਟ, ਅਫ਼ਸਰ ਤੇ ਕਈ ਹੋਰ ਲੋਕ ਵੀ ਸ਼ਾਮਲ ਹਨ। ਮੰਤਰਾਲੇ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਸੂਡਾਨ ਤੋਂ ਸੁਰੱਖਿਅਤ ਕੱਢਿਆ ਗਿਆ ਹੈ, ਉਨ੍ਹਾਂ ‘ਚੋਂ 91 ਸਾਊਦੀ ਅਰਬ ਦੇ ਨਾਗਰਿਕ ਹਨ। ਇਸ ਤੋਂ ਇਲਾਵਾ 66 ਲੋਕ 12 ਹੋਰ ਦੇਸ਼ਾਂ ਦੇ ਹਨ, ਇਨ੍ਹਾਂ ‘ਚ ਭਾਰਤੀ ਵੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਜੇਦਾਹ ਪਹੁੰਚਾ ਦਿੱਤਾ ਗਿਆ ਹੈ।

ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸਾਊਦੀ ਅਰਬ ਨੇ ਕੁਵੈਤ, ਕਤਰ, ਮਿਸਰ, ਟਿਊਨੀਸ਼ੀਆ, ਪਾਕਿਸਤਾਨ, ਭਾਰਤ, ਬੁਲਗਾਰੀਆ, ਯੂਏਈ, ਬੰਗਲਾਦੇਸ਼, ਫਿਲਪੀਨਜ਼ ਤੇ ਕੈਨੇਡਾ ਵਰਗੇ ਦੇਸ਼ਾਂ ਦੇ ਨਾਗਰਿਕਾਂ ਨੂੰ ਸੂਡਾਨ ਤੋਂ ਸੁਰੱਖਿਅਤ ਕੱਢ ਲਿਆ ਹੈ। ਇਸ ਸਮੇਂ ਲਗਭਗ 4000 ਭਾਰਤੀ ਸੰਕਟਗ੍ਰਸਤ ਸੂਡਾਨ ਵਿੱਚ ਫਸੇ ਹੋਏ ਹਨ। ਫੌਜ ਅਤੇ ਆਰਐੱਸਐੱਫ ਵਿਚਾਲੇ ਲੜਾਈ ਵਿੱਚ ਹਜ਼ਾਰਾਂ ਜਾਨਾਂ ਦਾਅ ‘ਤੇ ਹਨ। ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸੂਡਾਨ ਸੰਕਟ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਸੂਡਾਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਯੋਜਨਾ ਬਣਾਉਣ ਲਈ ਕਿਹਾ ਸੀ।

ਪਿਛਲੇ ਇਕ ਹਫ਼ਤੇ ਤੋਂ ਚੱਲ ਰਹੀ ਜੰਗ ਵਿੱਚ ਹੁਣ ਤੱਕ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 3000 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਿਛਲੇ ਦਿਨੀਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨਾਲ ਸੂਡਾਨ ਸੰਕਟ ਬਾਰੇ ਗੱਲ ਕੀਤੀ ਸੀ। ਉਨ੍ਹਾਂ ਸੂਡਾਨ ‘ਚ ਛੇਤੀ ਜੰਗਬੰਦੀ ਦੀ ਗੱਲ ਕਹੀ ਸੀ।

Add a Comment

Your email address will not be published. Required fields are marked *