ਲੰਡਨ ’ਚ ਪਹਿਲੇ ਅਤੀ-ਆਧੁਨਿਕ ਸ਼ਮਸ਼ਾਨਘਾਟ ਦਾ ਵੈਂਕਈਆ ਨਾਇਡੂ ਨੇ ਰੱਖਿਆ ਨੀਂਹ ਪੱਥਰ

ਲੰਡਨ – ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਬੁੱਧਵਾਰ ਨੂੰ ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿਚ ਪਹਿਲੇ ਅਤੀ-ਆਧੁਨਿਕ ਹਿੰਦੂ ਸ਼ਮਸ਼ਾਨਘਾਟ ‘ਓਮ’ ਦਾ ਨੀਂਹ ਪੱਥਰ ਰੱਖਿਆ। ਲਗਭਗ 12 ਏਕੜ ਜ਼ਮੀਨ ’ਤੇ ਬਣਨ ਵਾਲੇ ਇਸ ਸਮਸ਼ਾਨਘਾਟ ਦਾ ਨਿਰਮਾਣ ਬ੍ਰਿਟੇਨ ਵਿਚ ਸਵਾਮੀਨਾਰਾਇਣ ਅੰਦੋਲਨ ਦਾ ਅਨੁਪਮ ਮਿਸ਼ਨ ਕਰਵਾ ਰਿਹਾ ਹੈ। ਇਸ ਨਾਲ ਬ੍ਰਿਟੇਨ ਦੇ ਹਿੰਦੂ, ਜੈਨ ਅਤੇ ਸਿੱਖ ਭਾਈਚਾਰਿਆਂ ਨੂੰ ਲਾਭ ਹੋਵੇਗਾ। ਕਰੋੜਾਂ ਪੌਂਡ ਦੀ ਲਾਗਤ ਨਾਲ ਬਣਨ ਵਾਲਾ ਇਹ ਸ਼ਮਸ਼ਾਨਘਾਟ ਬ੍ਰਿਟੇਨ ਵਿੱਚ ਆਪਣੀ ਕਿਸਮ ਦਾ ਪਹਿਲਾ ਸ਼ਮਸ਼ਾਨਘਾਟ ਹੋਵੇਗਾ। 

ਇਸ ਮੌਕੇ ‘ਤੇ ਬੋਲਦਿਆਂ ਨਾਇਡੂ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਦਾ ਆਦਰਸ਼ ਮਨੁੱਖਤਾ ਹੈ ਅਤੇ ਭਾਰਤੀ ਸੰਸਕ੍ਰਿਤੀ ਵਸੁਧੈਵ ਕੁਟੁੰਬਕਮ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਦੇ ਹਿੰਦੂ, ਜੈਨ ਅਤੇ ਸਿੱਖ ਭਾਈਚਾਰਿਆਂ ਨੇ ਸਮਾਜ ਦੇ ਵਿਆਪਕ ਹਿੱਤ ਵਿੱਚ ਕੰਮ ਕੀਤਾ ਹੈ, ਜਿਸ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਇਹ ਭਾਰਤੀ ਸੰਸਕ੍ਰਿਤੀ ਨਾਲ ਵੀ ਮੇਲ ਖਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ਦੇ ਲੰਬੇ ਇਤਿਹਾਸ ਵਿੱਚ ਭਾਰਤ ਨੇ ਕਦੇ ਵੀ ਕਿਸੇ ਹੋਰ ਦੇਸ਼ ‘ਤੇ ਹਮਲਾ ਨਹੀਂ ਕੀਤਾ ਹੈ ਅਤੇ ਇਹ ਮਨੁੱਖਤਾ ‘ਤੇ ਭਰੋਸਾ ਕਰਦਾ ਹੈ। ਨਾਇਡੂ ਨੇ ਕਿਹਾ ਕਿ ਭਾਰਤੀ ਭਾਈਚਾਰੇ ਦੇ ਵਿਅਕਤੀਆਂ ਨੂੰ ਜਿਸ ਦੇਸ਼ ਵਿਚ ਉਹ ਰਹਿ ਰਹੇ ਹਨ, ਉਥੇ ਚੰਗੀਆਂ ਚੀਜ਼ਾਂ ਗ੍ਰਹਿਣ ਕਰਨੀਆਂ ਚਾਹੀਦੀਆਂ ਹਨ ਅਤੇ ਉਸ ਦੇਸ਼ ਦੇ ਕਾਨੂੰਨਾਂ, ਰੀਤੀ-ਰਿਵਾਜ਼ਾਂ ਅਤੇ ਪਰੰਪਰਾਵਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀਆਂ ਨੂੰ ਆਪਣੇ ਦੇਸ਼ ਪਰਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ਭਾਰਤੀ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਬ੍ਰਿਟਿਸ਼ ਹਾਊਸਿੰਗ ਮੰਤਰੀ ਪਾਲ ਸਕਲੀ, ਅਨੁਪਮ ਮਿਸ਼ਨ ਦੇ ਸਾਹਿਬਜੀ ਮਹਾਰਾਜ ਅਤੇ ਸਵਾਮੀਨਾਰਾਇਣ ਅੰਦੋਲਨ ਦੇ ਸਦਗੁਰੂ ਸ਼ਾਂਤੀ ਦਾਦਾ, ਕਈ ਸੰਸਦ ਮੈਂਬਰ, ਹਿੰਦੂਜਾ ਇੰਡਸਟਰੀਜ਼ ਗਰੁੱਪ ਦੇ ਕੋ-ਚੇਅਰਮੈਨ ਗੋਪੀਚੰਦ ਹਿੰਦੂਜਾ ਅਤੇ ਹੋਰ ਪਤਵੰਤੇ ਮੌਜੂਦ ਸਨ।

Add a Comment

Your email address will not be published. Required fields are marked *