ਸਾਊਦੀ ਅਰਬ ‘ਚ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ, ਵਾਲਾਂ ਤੋਂ ਫੜ ਕੇ ਘੜੀਸਿਆ 

ਦੁਬਈ : ਸਾਊਦੀ ਅਰਬ ਆਪਣੇ ਸਖ਼ਤ ਕਾਨੂੰਨਾਂ ਅਤੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਨਿਸ਼ਾਨੇ ‘ਤੇ ਹੈ। ਹੁਣ ਸਾਊਦੀ ਅਰਬ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਔਰਤ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਜਾ ਰਿਹਾ ਹੈ। ਉਸ ਨੂੰ ਔਰਤ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਅਤੇ ਫਿਰ ਲੱਤਾਂ ਨਾਲ ਮਾਰਿਆ ਗਿਆ। ਇਸ ਵੀਡੀਓ ਦੇ ਲੀਕ ਹੋਣ ਤੋਂ ਬਾਅਦ ਪੂਰੀ ਦੁਨੀਆ ਵਿਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਕ ਵਾਰ ਫਿਰ ਪ੍ਰਿੰਸ ਮੁਹੰਮਦ ਬਿਨ ਸਲਮਾਨ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਪ੍ਰਿੰਸ ਦੇ ਸ਼ਾਸਨ ‘ਚ ਸਾਊਦੀ ਅਰਬ ‘ਚ ਜ਼ੁਲਮ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਅਨਾਥ ਆਸ਼ਰਮ ਦਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਾਊਦੀ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਵੀਡੀਓ ਪਹਿਲਾਂ ਟਵਿੱਟਰ ‘ਤੇ ਇਕ ਔਰਤ ਦੁਆਰਾ ਪੋਸਟ ਕੀਤੀ ਗਈ ਸੀ, ਜਿਸ ਨੇ ਹਮਲੇ ਦੀ ਰਿਕਾਰਡਿੰਗ ਕੀਤੀ ਸੀ। ਇਸ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਵਰਦੀ ‘ਚ ਦਰਜਨਾਂ ਪੁਰਸ਼ ਪੁਲਸ ਕਰਮਚਾਰੀ ਇਕ ਔਰਤ ਦਾ ਪਿੱਛਾ ਕਰ ਰਹੇ ਹਨ। ਫਿਰ ਉਹ ਔਰਤ ਨੂੰ ਫੜ ਕੇ ਡੰਡਿਆਂ ਅਤੇ ਬੈਲਟਾਂ ਨਾਲ ਉਸ ਦੀ ਕੁੱਟਮਾਰ ਕਰਦੇ ਹਨ। ਇੱਕ ਹੋਰ ਪੁਲਸ ਮੁਲਾਜ਼ਮ ਔਰਤ ਨੂੰ ਬੈਲਟ ਨਾਲ ਮਾਰਦਾ ਨਜ਼ਰ ਆ ਰਿਹਾ ਹੈ।

ਔਰਤਾਂ ਦੇ ਹੱਕਾਂ ਦੇ ਦਮਨ ਦੀ ਇਕ ਹੋਰ ਮਿਸਾਲ

‘ਦੱਸਿਆ ਜਾ ਰਿਹਾ ਹੈ ਕਿ ਇਹ ਅਨਾਥ ਆਸ਼ਰਮ ਖਾਮਿਸ ਮੁਸ਼ਾਇਤ ਇਲਾਕੇ ‘ਚ ਸਥਿਤ ਹੈ ਜੋ ਕਿ ਅਸੀਰ ਸੂਬੇ ਦਾ ਹਿੱਸਾ ਹੈ। ਇਹ ਰਾਜਧਾਨੀ ਰਿਆਦ ਤੋਂ 884 ਕਿਲੋਮੀਟਰ ਦੂਰ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੇ ਗਵਰਨਰ ਤੁਰਕੀ ਬਿਨ ਤਲਾਲ ਨੇ ਆਦੇਸ਼ ਦਿੱਤਾ ਕਿ ਇੱਕ ਕਮੇਟੀ ਬਣਾਈ ਜਾਵੇ ਅਤੇ “ਸਾਰੇ ਪੱਖਾਂ” ਦੀ ਜਾਂਚ ਕੀਤੀ ਜਾਵੇ। ਬੁੱਧਵਾਰ ਨੂੰ ਇਹ ਵੀਡੀਓ ਸਾਊਦੀ ਅਰਬ ਦੇ ਖਾਮਿਸ ਮੁਸੈਤ ਅਨਾਥ ਆਸ਼ਰਮ ਦੇ ਨਾਂ ਨਾਲ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਸੀ। ਇਸ ਦੌਰਾਨ ਸਾਊਦੀ ਅਰਬ ਵਿਚ ਮਨੁੱਖੀ ਅਧਿਕਾਰ ਸੰਗਠਨਾਂ ਨੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਦੀ ਬੇਰਹਿਮੀ ਦੀ ਸਖ਼ਤ ਨਿੰਦਾ ਕੀਤੀ ਹੈ।

ਮਨੁੱਖੀ ਅਧਿਕਾਰ ਸੰਗਠਨਾਂ ਨੇ ਕਿਹਾ ਕਿ ਇਹ ਮੁਹੰਮਦ ਬਿਨ ਸਲਮਾਨ ਦੇ ਸ਼ਾਸਨਕਾਲ ਦੌਰਾਨ ਸਾਊਦੀ ਅਰਬ ਸਰਕਾਰ ਦੁਆਰਾ ਔਰਤਾਂ ਦੇ ਅਧਿਕਾਰਾਂ ਦੇ ਦਮਨ ਦੀ ਇੱਕ ਹੋਰ ਉਦਾਹਰਣ ਹੈ। 2017 ਵਿੱਚ ਸਾਊਦੀ ਅਰਬ ਦਾ ਅਘੋਸ਼ਿਤ ਮੁਖੀ ਬਣਨ ਤੋਂ ਬਾਅਦ, ਕ੍ਰਾਊਨ ਪ੍ਰਿੰਸ ਨੇ ਦੇਸ਼ ਵਿੱਚ ਆਪਣੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਕਈ ਕਾਰਵਾਈਆਂ ਕੀਤੀਆਂ ਹਨ ਜਦੋਂ ਕਿ ਉਹ ਇੱਕ ਸੁਧਾਰਵਾਦੀ ਹੋਣ ਦਾ ਦਾਅਵਾ ਕਰਦਾ ਹੈ। ਇਸ ਕਾਰਵਾਈ ਦੌਰਾਨ ਸਿਆਸੀ ਵਿਰੋਧੀਆਂ, ਸ਼ੀਆ ਅਤੇ ਮਹਿਲਾ ਕਾਰਕੁਨਾਂ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ ਹੈ। ਜਮਾਲ ਖਸ਼ੋਗੀ ਦੇ ਕਤਲ ਤੋਂ ਬਾਅਦ ਪ੍ਰਿੰਸ ਪਹਿਲਾਂ ਹੀ ਦੁਨੀਆ ਦੇ ਨਿਸ਼ਾਨੇ ‘ਤੇ ਹਨ।

Add a Comment

Your email address will not be published. Required fields are marked *