ਐੱਸਸੀਓ ਵਾਰਤਾ ਲਈ ਭਾਰਤ ਆਉਣਗੇ ਬਿਲਾਵਲ ਭੁੱਟੋ

ਇਸਲਾਮਾਬਾਦ – ਪਾਕਿਸਤਾਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅਗਲੇ ਮਹੀਨੇ ਭਾਰਤ ਵਿੱਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਆਈ ਕੁੜੱਤਣ ਘੱਟ ਹੋਣ ਦੀ ਉਮੀਦ ਹੈ। ਇਹ ਐਲਾਨ ਵਿਦੇਸ਼ ਮੰਤਰਾਲਾ ਦੀ ਮਹਿਲਾ ਬੁਲਾਰਾ ਮੁਮਤਾਜ਼ ਜ਼ੇਹਰਾ ਬਲੋਚ ਨੇ ਇੱਥੇ ਹਫ਼ਤਾਵਾਰੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਬਲੋਚ ਨੇ ਕਿਹਾ, “ਬਿਲਾਵਲ ਭੁੱਟੋ ਜ਼ਰਦਾਰੀ ਭਾਰਤ ਦੇ ਗੋਆ ਵਿੱਚ 4-5 ਮਈ, 2023 ਨੂੰ ਹੋਣ ਵਾਲੀ ਐੱਸ.ਸੀ.ਓ. ਵਿਦੇਸ਼ ਮੰਤਰੀ ਪਰਿਸ਼ਦ (ਸੀ.ਐੱਫ.ਐੱਮ.) ਦੀ ਮੀਟਿੰਗ ਵਿੱਚ ਪਾਕਿਸਤਾਨ ਦੇ ਵਫ਼ਦ ਦੀ ਅਗਵਾਈ ਕਰਨਗੇ।”

ਇਸ ਦੇ ਨਾਲ ਹੀ ਹਫ਼ਤਿਆਂ ਤੋਂ ਚੱਲੀਆਂ ਆ ਰਹੀਆਂ ਇਨ੍ਹਾਂ ਅਟਕਲਾਂ ‘ਤੇ ਵਿਰਾਮ ਲੱਗ ਗਿਆ ਕਿ ਭੁੱਟੋ ਕਾਨਫਰੰਸ ਵਿਚ ਵਿਅਕਤੀਗਤ ਤੌਰ ‘ਤੇ ਸ਼ਾਮਲ ਹੋਣਗੇ ਜਾਂ ਨਹੀਂ। ਬਲੋਚ ਨੇ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਸੱਦੇ ‘ਤੇ ਸੰਮੇਲਨ ‘ਚ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ, “ਮੀਟਿੰਗ ਵਿੱਚ ਸਾਡੀ ਸ਼ਮੂਲੀਅਤ ਐੱਸ.ਸੀ.ਓ. ਚਾਰਟਰ ਅਤੇ ਪ੍ਰਕਿਰਿਆਵਾਂ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਅਤੇ ਪਾਕਿਸਤਾਨ ਦੀ ਵਿਦੇਸ਼ ਨੀਤੀ ਦੀਆਂ ਤਰਜੀਹਾਂ ਵਿੱਚ ਖੇਤਰ ਨੂੰ ਦਿੱਤੇ ਜਾਣ ਵਾਲੇ ਮਹੱਤਵ ਨੂੰ ਦਰਸਾਉਂਦੀ ਹੈ।” ਹਾਲ ਹੀ ਦੇ ਸਾਲਾਂ ‘ਚ ਕਿਸੇ ਪਾਕਿਸਤਾਨੀ ਨੇਤਾ ਦੀ ਭਾਰਤ ਦੀ ਇਹ ਪਹਿਲੀ ਉੱਚ ਪੱਧਰੀ ਯਾਤਰਾ ਹੋਵੇਗੀ। ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਆਈ ਕੁੜੱਤਣ ਘੱਟ ਹੋਣ ਦੀ ਉਮੀਦ ਹੈ।

ਫਰਵਰੀ 2019 ਵਿੱਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸਿਖਲਾਈ ਕੈਂਪਾਂ ਨੂੰ ਤਬਾਹ ਕਰ ਦਿੱਤਾ ਸੀ, ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਸੀ। ਅਗਸਤ 2019 ਵਿੱਚ, ਭਾਰਤ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈ ਲਿਆ ਸੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਹੋਰ ਕੁੜੱਟਣ ਪੈਦਾ ਹੋ ਗਈ। ਭਾਰਤ ਕਹਿੰਦਾ ਰਿਹਾ ਹੈ ਕਿ ਉਹ ਪਾਕਿਸਤਾਨ ਨਾਲ ਆਮ ਗੁਆਂਢੀ ਰਿਸ਼ਤੇ ਚਾਹੁੰਦਾ ਹੈ।

ਹਾਲਾਂਕਿ, ਦੂਜੇ ਪਾਸੇ, ਇਹ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਅਜਿਹੇ ਸਬੰਧਾਂ ਲਈ ਅੱਤਵਾਦ- ਅਤੇ ਤਣਾਅ-ਮੁਕਤ ਮਾਹੌਲ ਬਣਾਉਣਾ ਪਾਕਿਸਤਾਨ ਦੀ ਜ਼ਿੰਮੇਵਾਰੀ ਹੈ। SCO ਦੀ ਸਥਾਪਨਾ 2001 ਵਿੱਚ ਸ਼ੰਘਾਈ ਵਿੱਚ ਹੋਏ ਰੂਸ, ਚੀਨ, ਕਿਰਗਿਜ਼ ਗਣਰਾਜ, ਕਜ਼ਾਕਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀਆਂ ਦੇ ਇੱਕ ਸੰਮੇਲਨ ਵਿੱਚ ਕੀਤੀ ਗਈ ਸੀ। ਬਾਅਦ ਦੇ ਸਾਲਾਂ ਵਿੱਚ ਇਹ ਸਭ ਤੋਂ ਵੱਡੇ ਖੇਤਰੀ ਸੰਗਠਨਾਂ ਵਿੱਚੋਂ ਇੱਕ ਵਜੋਂ ਉਭਰਿਆ। ਭਾਰਤ ਅਤੇ ਪਾਕਿਸਤਾਨ 2017 ਵਿੱਚ ਚੀਨ ਵਿਚ ਸਥਿਤ ਐੱਸ.ਸੀ.ਓ. ਦੇ ਸਥਾਈ ਮੈਂਬਰ ਬਣੇ ਸਨ।

Add a Comment

Your email address will not be published. Required fields are marked *