ਔਰਤ ਨੂੰ ਛੇੜਨ ਦੇ ਸ਼ੱਕ ’ਚ ਵਿਅਕਤੀ ਦਾ ਡੰਡਿਆਂ ਤੇ ਰਾਡਾਂ ਨਾਲ ਕੁੱਟ-ਕੁੱਟ ਕੇ ਕੀਤਾ ਕਤਲ

ਜਲੰਧਰ – ਇਨਕਮ ਟੈਕਸ ਕਾਲੋਨੀ ਨੇੜੇ ਸਥਿਤ ਜੋਤੀ ਨਗਰ ਦੇ ਪਲਾਟ ਨੰਬਰ 7 ਵਿਚੋਂ ਮੰਗਲਵਾਰ ਸਵੇਰੇ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਸੂਚਨਾ ਪਾ ਕੇ ਮੌਕੇ ’ਤੇ ਪੁੱਜੀ ਪੁਲਸ ਥਾਣਾ ਨੰਬਰ 6 ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਮੂਲ ਰੂਪ ਵਿਚ ਬਿਹਾਰ ਦੇ ਰਹਿਣ ਵਾਲੇ ਰਾਮ ਕੁਮਾਰ ਵਜੋਂ ਹੋਈ ਹੈ।

ਏ. ਸੀ. ਪੀ. ਆਦਿੱਤਿਆ ਕੁਮਾਰ ਨੇ ਦੱਸਿਆ ਕਿ ਥਾਣਾ ਨੰਬਰ 6 ਦੀ ਪੁਲਸ ਨੇ ਕਤਲ ਦਾ ਕੇਸ ਦਰਜ ਕਰ ਕੇ ਕਾਤਲਾਂ ਨੂੰ ਟਰੇਸ ਕਰ ਲਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਨੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਵਿਚ ਵਰਤਿਆ ਹਥਿਆਰ ਬਰਾਮਦ ਕਰਨਾ ਬਾਕੀ ਹੈ। ਅੱਜ ਪੁਲਸ ਪ੍ਰੈੱਸ ਕਾਨਫਰੰਸ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਿਖਾ ਸਕਦੀ ਹੈ। ਏ. ਸੀ. ਪੀ. ਗੁਰਮੀਤ ਮੁਤਾਬਕ ਹਮਲਾਵਰਾਂ ਨੇ ਔਰਤ ਨੂੰ ਛੇੜਨ ਦੇ ਸ਼ੱਕ ਵਿਚ ਰਾਮ ਕੁਮਾਰ ਦਾ ਡੰਡਿਆਂ ਅਤੇ ਲੋਹੇ ਦੇ ਰਾਡਾਂ ਨਾਲ ਕਤਲ ਕੀਤਾ ਹੈ।

ਥਾਣਾ ਨੰਬਰ 6 ਵਿਚ ਦਰਜ ਐੱਫ. ਆਈ. ਆਰ. ਨੰਬਰ 67 ਮੁਤਾਬਕ ਮੂਲ ਰੂਪ ਵਿਚ ਬਿਹਾਰ ਦੇ ਰਹਿਣ ਵਾਲੇ 20 ਸਾਲਾ ਇਕ ਨੌਜਵਾਨ ਨੇ ਬਿਆਨ ਦਿੱਤਾ ਹੈ ਕਿ ਉਹ ਆਪਣੇ ਮਾਸੜ ਰਾਮ ਕੁਮਾਰ ਜੋ ਕਿ ਮਿੱਠਾਪੁਰ ਵਿਚ ਰਹਿੰਦਾ ਹੈ, ਨਾਲ ਰਾਤ ਨੂੰ ਇਕ ਰਿਸ਼ਤੇਦਾਰ ਦੇ ਘਰ ਰੁਕਿਆ ਸੀ। ਮੰਗਲਵਾਰ ਸਵੇਰੇ 5 ਵਜੇ ਉਹ ਆਪਣੇ ਮਾਸੜ ਨਾਲ ਟਰਾਂਸਪੋਰਟ ਨਗਰ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਜੋਤੀ ਨਗਰ ਪਲਾਟ ਨੰਬਰ 7 ਦੇ ਨੇੜੇ ਪੁੱਜੇ ਤਾਂ ਪਲਾਟ ਦੇ ਬਾਹਰ 2 ਵਿਅਕਤੀ ਅਤੇ ਇਕ ਔਰਤ ਖੜ੍ਹੇ ਸਨ। ਉਨ੍ਹਾਂ ਨੇ ਮੇਰੇ ਮਾਸੜ ਅਤੇ ਮੈਨੂੰ ਦੇਖ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਵੱਲੋਂ ਔਰਤ ਨੂੰ ਗਲਤ ਕੁਮੈਂਟ ਕੀਤੇ ਗਏ ਹਨ।

ਉਸ ਨੇ ਅੱਗੇ ਕਿਹਾ ਕਿ ਅਸੀਂ ਜਦੋਂ ਇਹ ਕਿਹਾ ਕਿ ਅਸੀਂ ਕੋਈ ਗਲਤ ਕੁਮੈਂਟ ਨਹੀਂ ਕੀਤਾ ਤਾਂ ਉਨ੍ਹਾਂ ਕਈ ਹੋਰ ਅਣਪਛਾਤੇ ਵਿਅਕਤੀਆਂ ਨੂੰ ਬੁਲਾ ਕੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਮਾਸੜ ਨੂੰ ਫੜ ਕੇ ਪਲਾਟ ਦੇ ਅੰਦਰ ਲੈ ਗਏ। ਉਨ੍ਹਾਂ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਉਸ ਦੇ ਮਾਸੜ ਨਾਲ ਕੁੱਟਮਾਰ ਕੀਤੀ। ਉਸ ਨੇ ਮਾਸੜ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉਥੋਂ ਭੱਜ ਨਿਕਲਿਆ।

ਪੀੜਤ ਨੇ ਦੱਸਿਆ ਕਿ ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਮਾਸੜ ਨਾਲ ਬਹਿਸਬਾਜ਼ੀ ਅਤੇ ਹਮਲਾ ਕਰਨ ਵਾਲੇ 2 ਮੁਲਜ਼ਮ ਲਕਸ਼ਮਣ ਪੁੱਤਰ ਰਾਮਚਰਨ ਨਿਵਾਸੀ ਛਤਰਪੁਰ (ਮੱਧ ਪ੍ਰਦੇਸ਼) ਅਤੇ ਜਗਨਨਾਥ ਪੁੱਤਰ ਤੁਲਸੀ ਨਿਵਾਸੀ ਬਹਿਰਾਈਚ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਹਨ। ਹਮਲਾਵਰ ਕੁੱਟਮਾਰ ਕਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਸ਼ਾਮ ਨੇ ਕਿਹਾ ਕਿ ਉਕਤ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ।

Add a Comment

Your email address will not be published. Required fields are marked *