ਅਦਾਕਾਰ ਆਰ. ਮਾਧਵਨ ਨੇ ਪੁੱਤ ਨੇ ਚਮਕਾਇਆ ਦੇਸ਼ ਦਾ ਨਾਂ, ਇਕੱਠੇ ਜਿੱਤੇ 5 ਗੋਲਡ ਮੈਡਲ

ਮੁੰਬਈ – ਅਦਾਕਾਰ ਆਰ. ਮਾਧਵਨ ਦੇ ਪੁੱਤਰ ਵੇਦਾਂਤ ਮਾਧਵਨ ਨੇ ਮੁੜ ਤੋਂ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਵੇਦਾਂਤ ਨੇ ਮਲੇਸ਼ੀਆ ਇਨਵੀਟੇਸ਼ਨਲ ਏਜ ਗਰੁੱਪ ਤੈਰਾਕੀ ਚੈਂਪੀਅਨਸ਼ਿਪ ’ਚ ਪੰਜ ਸੋਨ ਤਗਮੇ ਜਿੱਤੇ ਹਨ। ਆਰ. ਮਾਧਵਨ ਵੇਦਾਂਤ ਦੇ ਇਸ ਕਾਰਨਾਮੇ ਤੋਂ ਕਾਫੀ ਖ਼ੁਸ਼ ਨਜ਼ਰ ਆਏ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਵੇਦਾਂਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਵੇਦਾਂਤ ਦੇ ਗੋਲਡ ਜਿੱਤਣ ’ਤੇ ਆਰ. ਮਾਧਵਨ ਦੀ ਪੋਸਟ ’ਤੇ ਕਈ ਮਸ਼ਹੂਰ ਹਸਤੀਆਂ ਨੇ ਪ੍ਰਤੀਕਿਰਿਆ ਦਿੱਤੀ ਹੈ। ਸਾਊਥ ਸਟਾਰ ਸੂਰਿਆ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਅਨੁਸ਼ਕਾ ਸ਼ਰਮਾ, ਸ਼ਿਲਪਾ ਸ਼ਿਰੋਡਕਰ ਤੇ ਲਾਰਾ ਦੱਤਾ ਨੇ ਵੇਦਾਂਤ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ।

ਵੇਦਾਂਤ ਮਾਧਵਨ ਨੇ ਮਲੇਸ਼ੀਆ ਇਨਵੀਟੇਸ਼ਨਲ ਏਜ ਗਰੁੱਪ ਤੈਰਾਕੀ ਚੈਂਪੀਅਨਸ਼ਿਪ ’ਚ ਹਿੱਸਾ ਲਿਆ ਸੀ। ਇਸ ’ਚ ਉਸ ਨੇ 100 ਮੀਟਰ, 200 ਮੀਟਰ, 400 ਮੀਟਰ, 500 ਮੀਟਰ ਤੇ 1200 ਮੀਟਰ ਮੁਕਾਬਲਿਆਂ ’ਚ ਗੋਲਡ ਮੈਡਲ ਜਿੱਤਿਆ ਹੈ। ਉਸ ਦੀ ਜਿੱਤ ਨੂੰ ਪਿਤਾ ਆਰ. ਮਾਧਵਨ ਨੇ ਸਾਰਿਆਂ ਨਾਲ ਸਾਂਝਾ ਕੀਤਾ।

ਅਸੀਂ ਅਕਸਰ ਦੇਖਦੇ ਹਾਂ ਕਿ ਸਟਾਰਕਿਡ ਫ਼ਿਲਮਾਂ ’ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ। ਲੋਕਾਂ ਦੀ ਉਨ੍ਹਾਂ ਬਾਰੇ ਇਹੀ ਧਾਰਨਾ ਹੈ ਕਿ ਜੇਕਰ ਉਹ ਅਦਾਕਾਰ ਦਾ ਬੱਚਾ ਹੈ ਤਾਂ ਭਵਿੱਖ ’ਚ ਉਹ ਅਦਾਕਾਰ ਬਣੇਗਾ। ਹਾਲਾਂਕਿ ਆਰ. ਮਾਧਵਨ ਦੇ ਪੁੱਤਰ ਵੇਦਾਂਤ ਨੇ ਕੁਝ ਹੋਰ ਸੋਚਿਆ। ਉਸ ਨੇ ਨਾ ਸਿਰਫ਼ ਐਥਲੈਟਿਕਸ ਨੂੰ ਚੁਣਿਆ, ਸਗੋਂ ਹੁਣ ਉਹ ਹਰ ਰੋਜ਼ ਦੇਸ਼ ਦਾ ਨਾਂ ਰੌਸ਼ਨ ਕਰ ਰਿਹਾ ਹੈ। ਜਦੋਂ ਕੋਵਿਡ ਕਾਰਨ ਦੇਸ਼ ਦੇ ਸਾਰੇ ਤੈਰਾਕੀ ਕੇਂਦਰ ਬੰਦ ਸਨ, ਆਰ. ਮਾਧਵਨ ਪੁੱਤਰ ਵੇਦਾਂਤ ਨਾਲ ਦੁਬਈ ਗਏ ਸਨ। ਉਸ ਸਮੇਂ ਮਾਧਵਨ ਨੇ ਇਕ ਇੰਟਰਵਿਊ ’ਚ ਕਿਹਾ ਸੀ, ‘‘ਮੁੰਬਈ ’ਚ ਵੱਡੇ ਸਵਿਮਿੰਗ ਪੂਲ ਕੋਵਿਡ ਕਾਰਨ ਜਾਂ ਤਾਂ ਬੰਦ ਹਨ ਜਾਂ ਫਿਰ ਕੋਈ ਸੁਵਿਧਾਵਾਂ ਨਹੀਂ ਹਨ। ਇਸ ਕਾਰਨ ਅਸੀਂ ਵੇਦਾਂਤ ਨਾਲ ਦੁਬਈ ’ਚ ਹਾਂ, ਜਿਥੇ ਉਹ ਇਕ ਵੱਡੇ ਪੂਲ ’ਚ ਸਿਖਲਾਈ ਦਿੰਦਾ ਹੈ। ਉਹ ਓਲੰਪਿਕ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਰਿਤਾ ਤੇ ਮੈਂ ਹਮੇਸ਼ਾ ਇਸ ਕੋਸ਼ਿਸ਼ ’ਚ ਉਸ ਦੇ ਨਾਲ ਹਾਂ।’’

Add a Comment

Your email address will not be published. Required fields are marked *