ਪਾਕਿਸਤਾਨ: ਧਾਰਮਿਕ ਮਾਮਲਿਆਂ ਬਾਰੇ ਮੰਤਰੀ ਮੁਫ਼ਤੀ ਅਬਦੁੱਲ ਸ਼ਕੂਰ ਦੀ ਹਾਦਸੇ ’ਚ ਮੌਤ
April 17, 2023
ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਮੁਫ਼ਤੀ ਅਬਦੁੱਲ ਸ਼ਕੂਰ ਦੀ ਇੱਥੇ ਸੜਕ ਹਾਦਸੇ ’ਚ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇਸਲਾਮਾਬਾਦ ਪੁਲੀਸ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਮੈਰੀਅਟ ਤੋਂ ਸਕੱਤਰੇਤ ਚੌਕ ਵੱਲ ਜਾਂਦੇ ਸਮੇਂ ਮੰਤਰੀ ਦੀ ਕਾਰ ਇੱਕ ਹੈਲਿਕਸ ਰੈਵੋ ਕਾਰ ਨਾਲ ਟਕਰਾ ਗਈ। ਹਾਦਸੇ ਮਗਰੋਂ ਮੁਫ਼ਤੀ ਅਬਦੁੱਲ ਸ਼ਕੂਰ ਨੂੰ ਪੌਲੀਕਲੀਨਿਕ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਮੁਤਾਬਕ ਘਟਨਾ ਸਮੇਂ ਹੈਲਿਕਸ ਰੈਵੋ ਕਾਰ ਵਿੱਚ ਮੌਜੂਦ 5 ਜਣਿਆਂ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸਲਾਮਾਬਾਦ ਆਈਜੀਪੀ ਅਕਬਰ ਨਾਸਿਰ ਖ਼ਾਨ ਨੇ ਦੱਸਿਆ, ‘‘ਹਾਦਸਾ ਵਾਪਰਨ ਸਮੇਂ ਸ਼ਕੂਰ ਖ਼ੁਦ ਗੱਡੀ ਚਲਾ ਰਹੇ ਸਨ ਅਤੇ ਉਹ ਵਾਹਨ ਵਿੱਚ ਇਕੱਲੇ ਸਨ। ਸਿਰ ਵਿੱਚ ਸੱਟ ਲੱਗਣ ਕਾਰਨ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।’’ ਗ੍ਰਹਿ ਮੰਤਰੀ ਰਾਣਾ ਸਨਾਉਲਾ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। -ਪੀਟੀਆਈ

