ਸੰਯੁਕਤ ਰਾਸ਼ਟਰ ਮੁਖੀ ਗੁਤਾਰੇਸ ਅਗਲੇ ਹਫਤੇ ਹੜ੍ਹ ਪ੍ਰਭਾਵਿਤ ਪਾਕਿਸਤਾਨ ਦਾ ਕਰਨਗੇ ਦੌਰਾ

ਨਿਊਯਾਰਕ/ਇਸਲਾਮਾਬਾਦ – ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਹੜ੍ਹ ਪ੍ਰਭਾਵਿਤ ਪਾਕਿਸਤਾਨ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਲਈ ਅਗਲੇ ਹਫ਼ਤੇ ਪਾਕਿਸਤਾਨ ਦਾ ਦੌਰਾ ਕਰਨਗੇ। ਪਾਕਿਸਤਾਨ ਦੀ ਆਪਣੀ ਯਾਤਰਾ ਦੌਰਾਨ ਗੁਤਾਰੇਸ ਇਹ ਵੀ ਦੇਖਣਗੇ ਕਿ ਕਿਵੇਂ ਹੜ੍ਹਾਂ ਤੋਂ ਪ੍ਰਭਾਵਿਤ ਲੱਖਾਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਨ ਲਈ ਸੰਯੁਕਤ ਰਾਸ਼ਟਰ ਕਿਵੇਂ ਕੰਮ ਕਰ ਰਿਹਾ ਹੈ।

ਨਕਦੀ ਸੰਕਟ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਦੇ ਮੰਗਲਵਾਰ ਨੂੰ ਗਲੋਬਲ ਬਾਡੀ ਨਾਲ ਚਰਚਾ ਤੋਂ ਬਾਅਦ ਇਸ ਦੌਰੇ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਵਿੱਚ ਭਿਆਨਕ ਹੜ੍ਹਾਂ ਕਾਰਨ 30 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ ਅਤੇ ਇਸ ਨਾਲ ਨਜਿੱਠਣ ਲਈ 16 ਕਰੋੜ ਅਮਰੀਕੀ ਡਾਲਰ ਦੀ ਫੌਰੀ ਸਹਾਇਤਾ ਲਈ ਅਪੀਲ ਜਾਰੀ ਕੀਤੀ ਗਈ। ਆਫਤਾਂ ਨਾਲ ਨਜਿੱਠਣ ਵਾਲੀ ਦੇਸ਼ ਦੀ ਸਰਵਉੱਚ ਸੰਸਥਾ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐੱਨ.ਐੱਮ.ਡੀ.ਏ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਦੇਸ਼ ‘ਚ ਹੜ੍ਹ ਨਾਲ ਸਬੰਧਤ ਘਟਨਾਵਾਂ ‘ਚ ਮਰਨ ਵਾਲਿਆਂ ਦੀ ਗਿਣਤੀ 1,162 ਹੋ ਗਈ, ਜਦਕਿ 3,554 ਲੋਕ ਜ਼ਖ਼ਮੀ ਹੋਏ। ਹੜ੍ਹਾਂ ਕਾਰਨ 3.3 ਕਰੋੜ ਲੋਕਾਂ ਨੂੰ ਵਿਸਥਾਪਨ ਦਾ ਸਾਹਮਣਾ ਕਰਨਾ ਪਿਆ।

ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸਕੱਤਰ-ਜਨਰਲ ਗੁਤਾਰੇਸ ਇਤਿਹਾਸਕ ਹੜ੍ਹਾਂ ਤੋਂ ਪ੍ਰਭਾਵਿਤ ਲੱਖਾਂ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਦਰਪੇਸ਼ ਦੁਖਦਾਈ ਸਥਿਤੀ ਦੇ ਮੱਦੇਨਜ਼ਰ ਇਕਜੁੱਟਤਾ ਦਿਖਾਉਣ ਲਈ ਪਾਕਿਸਤਾਨ ਦੀ ਯਾਤਰਾ ਕਰਨਗੇ। ਸਕੱਤਰ ਜਨਰਲ ਦੇ 9 ਸਤੰਬਰ ਨੂੰ ਇਸਲਾਮਾਬਾਦ ਪਹੁੰਚਣ ਦੀ ਉਮੀਦ ਹੈ ਅਤੇ ਫਿਰ ਉਹ ਕੁਦਰਤੀ ਆਫ਼ਤ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਕਰਨਗੇ। ਗੁਤਾਰੇਸ ਵਿਸਥਾਪਿਤ ਪਰਿਵਾਰਾਂ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਅਤੇ ਮਾਨਵਤਾਵਾਦੀ ਭਾਈਵਾਲਾਂ ਦੇ ਨਾਲ ਮਿਲ ਕੇ ਸੰਯੁਕਤ ਰਾਸ਼ਟਰ ਸਰਕਾਰੀ ਰਾਹਤ ਪ੍ਰੋਗਰਾਮਾਂ ਵਿੱਚ ਮਦਦ ਅਤੇ ਲੱਖਾਂ ਲੋਕਾਂ ਨੂੰ ਮਦਦ ਪਹੁੰਚਾਉਣ ਵਿਚ ਕਿਵੇਂ ਕੰਮ ਕਰ ਰਿਹਾ ਹੈ ਇਸ ਦਾ ਵੀ ਜਾਇਜ਼ਾ ਲੈਣਗੇ। ਉਨ੍ਹਾਂ ਦੇ 11 ਸਤੰਬਰ ਨੂੰ ਨਿਊਯਾਰਕ ਪਰਤਣ ਦੀ ਉਮੀਦ ਹੈ।

Add a Comment

Your email address will not be published. Required fields are marked *