ਹੋਰਨਾਂ ਮੁਲਕਾਂ ਵੱਲੋਂ ਰੂਸ ਨਾਲ ਮਸ਼ਕਾਂ ਕੀਤੇ ਜਾਣ ’ਤੇ ਅਮਰੀਕਾ ਨੂੰ ਇਤਰਾਜ਼

ਵਾਸ਼ਿੰਗਟਨ, 31 ਅਗਸਤ– ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਯੂਕਰੇਨ ਖ਼ਿਲਾਫ਼ ਜੰਗ ਛੇੜਨ ਵਾਲੇ ਰੂਸ ਨਾਲ ਕਿਸੇ ਵੀ ਹੋਰ ਮੁਲਕ ਦਾ ਫ਼ੌਜੀ ਮਸ਼ਕਾਂ ਕਰਨਾ ਉਸ ਲਈ ਚਿੰਤਾਜਨਕ ਹੈ। ਵ੍ਹਾਈਟ ਹਾਊਸ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਰੂਸ ਨੇ ‘ਵੋਸਤੋਕ 2022’ ਮਸ਼ਕਾਂ ਦਾ ਐਲਾਨ ਕੀਤਾ ਹੈ ਜਿਸ ’ਚ ਭਾਰਤ, ਚੀਨ ਅਤੇ ਹੋਰ ਕਈ ਮੁਲਕਾਂ ਦੇ 50 ਹਜ਼ਾਰ ਤੋਂ ਜ਼ਿਆਦਾ ਜਵਾਨ ਹਿੱਸਾ ਲੈਣਗੇ। ਰੂਸ ਮੁਤਾਬਕ ਪਹਿਲੀ ਤੋਂ 7 ਸਤੰਬਰ ਵਿਚਕਾਰ ਫ਼ੌਜੀ ਮਸ਼ਕਾਂ ਹੋਣਗੀਆਂ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ‘ਤਾਸ’ ਨੇ ਆਪਣੀ ਇਕ ਰਿਪੋਰਟ ’ਚ ਰੂਸੀ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਮਸ਼ਕਾਂ ’ਚ ਹਿੱਸਾ ਲੈਣ ਵਾਲੇ ਮੁਲਕਾਂ ਦੀਆਂ ਫ਼ੌਜਾਂ ਨੂੰ ਰੱਖਿਆਤਮਕ ਅਤੇ  ਹਮਲਾਵਾਰ ਮੁਹਿੰਮਾਂ ਦੇ ਤਰੀਕੇ ਸਿਖਣ ਦਾ ਮੌਕਾ ਮਿਲੇਗਾ। ਇਹ ਮਸ਼ਕਾਂ ਪੂਰਬੀ ਫ਼ੌਜੀ ਡਿਸਟ੍ਰਿਕਟ ਦੇ ਮੈਦਾਨੀ ਅਤੇ ਓਖੋਤਸਕ ਸਾਗਰ ਦੇ ਤੱਟੀ ਇਲਾਕਿਆਂ ’ਚ ਸੱਤ ਥਾਵਾਂ ’ਤੇ ਹੋਣਗੀਆਂ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੇਨ ਜੀਨ ਪਿਯਰੇ ਤੋਂ ਜਦੋਂ ਰੂਸ ਦੀ ਮੇਜ਼ਬਾਨੀ ਹੇਠ ਫ਼ੌਜੀ ਮਸ਼ਕਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ’ਤੇ ਚਿੰਤਾ ਜਤਾਈ ਪਰ ਉਨ੍ਹਾਂ ਕਿਹਾ ਕਿ ਮਸ਼ਕਾਂ ’ਚ ਹਿੱਸਾ ਲੈਣ ਵਾਲੇ ਹਰੇਕ ਮੁਲਕ ਨੇ ਖੁਦ ਹੀ ਫ਼ੈਸਲਾ ਲੈਣਾ ਹੈ ਅਤੇ ਉਹ ਇਹ ਫ਼ੈਸਲਾ ਉਨ੍ਹਾਂ ’ਤੇ ਛੱਡਦੀ ਹੈ। ਜਦੋਂ ਪਿਯਰੇ ਤੋਂ ਪੁੱਛਿਆ ਗਿਆ ਕਿ ਭਾਰਤ ’ਤੇ ਦਬਾਅ ਕਿਉਂ ਨਹੀਂ ਪਾਇਆ ਗਿਆ ਤਾਂ ਉਨ੍ਹਾਂ ਸਿਰਫ਼ ਇੰਨਾ ਹੀ ਕਿਹਾ ਕਿ ਰੂਸ ਨੇ ਬਿਨਾਂ ਗੱਲ ਤੋਂ ਹੀ ਜੰਗ ਛੇੜੀ ਹੋਈ ਹੈ। ਇਸ ਲਈ ਕਿਸੇ ਵੀ ਮੁਲਕ ਦੇ ਉਸ ਨਾਲ ਮਸ਼ਕਾਂ ਕਰਨਾ ਚਿੰਤਾਜਨਕ ਹੈ। 

Add a Comment

Your email address will not be published. Required fields are marked *