ਬ੍ਰਿਟੇਨ ਨੇ ਭਾਰਤੀ ਫ਼ੌਜੀਆਂ ਦੀ ਸਾਢੇ 6 ਕਰੋੜ ਦੀ ਪੇਂਟਿੰਗ ਦੇ ਨਿਰਯਾਤ ‘ਤੇ ਲਾਈ ਪਾਬੰਦੀ

ਲੰਡਨ – ਐਂਗਲੋ-ਹੰਗਰੀ ਚਿੱਤਰਕਾਰ ਫਿਲਿਪ ਡੀ ਲਾਜ਼ਲੋ ਵੱਲੋਂ ਪਹਿਲੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ 2 ਭਾਰਤੀ ਫ਼ੌਜੀਆਂ ਦੀ ਬਣਾਈ ਗਈ ਪੇਂਟਿੰਗ ‘ਤੇ ਬ੍ਰਿਟਿਸ਼ ਸਰਕਾਰ ਨੇ ਅਸਥਾਈ ਤੌਰ ‘ਤੇ ਨਿਰਯਾਤ ਪਾਬੰਦੀ ਲਗਾ ਦਿੱਤੀ ਹੈ ਤਾਂ ਜੋ ਇਸ ਨੂੰ ਦੇਸ਼ ਤੋਂ ਬਾਹਰ ਲਿਜਾਣ ਤੋਂ ਰੋਕਿਆ ਜਾ ਸਕੇ। ਬ੍ਰਿਟੇਨ ਦੀ ਸਰਕਾਰ ਨੇ ਇਹ ਪਾਬੰਦੀ ਦੇਸ਼ ਦੀ ਇੱਕ ਸੰਸਥਾ ਨੂੰ ਇਸ ”ਸ਼ਾਨਦਾਰ ਅਤੇ ਸੰਵੇਦਨਸ਼ੀਲ” ਪੇਂਟਿੰਗ ਨੂੰ ਖਰੀਦਣ ਲਈ ਸਮਾਂ ਦੇਣ ਲਈ ਲਗਾਈ ਹੈ।

ਲਗਭਗ ਸਾਢੇ 6 ਕਰੋੜ ਰੁਪਏ ਕੀਮਤ ਵਾਲੀ ਇਸ ਪੇਂਟਿੰਗ ਵਿੱਚ ਘੋੜਸਵਾਰ ਅਧਿਕਾਰੀ ਰਿਸਾਲਦਾਰ ਜਗਤ ਸਿੰਘ ਅਤੇ ਰਿਸਾਲਦਾਰ ਮਾਨ ਸਿੰਘ ਨੂੰ ਦਰਸਾਇਆ ਗਿਆ ਹੈ, ਜੋ ਫਰਾਂਸ ਵਿੱਚ ਸੋਮ ਦੇ ਯੁੱਧ ਵਿੱਚ ਸੇਵਾ ਦੇਣ ਵਾਲੇ ਬ੍ਰਿਟਿਸ਼-ਭਾਰਤੀ ਫ਼ੌਜ ਦੀ ਐਕਸਪੀਡੀਸ਼ਨਰੀ ਫੋਰਸ ਵਿਚ ਜੂਨੀਅਰ ਕਮਾਂਡਰ ਸਨ। ਮੰਨਿਆ ਜਾਂਦਾ ਹੈ ਕਿ ਦੋਵਾਂ ਨੇ ਯੁੱਧ ਦੌਰਾਨ ਹੀ ਸ਼ਹੀਦੀ ਪ੍ਰਾਪਤ ਕੀਤੀ ਸੀ। ਇਹ ਪੇਂਟਿੰਗ ਕਾਫੀ ਦੁਰਲੱਭ ਹੈ, ਜੋ ਪਹਿਲੇ ਵਿਸ਼ਵ ਯੁੱਧ ਵਿੱਚ ਭਾਰਤੀਆਂ ਦੀ ਸਰਗਰਮ ਭਾਗੀਦਾਰੀ ਨੂੰ ਦਰਸਾਉਂਦੀ ਹੈ। ਬ੍ਰਿਟੇਨ ਦੇ ਕਲਾ ਅਤੇ ਵਿਰਾਸਤ ਮੰਤਰੀ, ਲਾਰਡ ਸਟੀਫਨ ਪਾਰਕਿੰਸਨ ਨੇ ਕਿਹਾ, “ਇਹ ਸ਼ਾਨਦਾਰ ਅਤੇ ਸੰਵੇਦਨਸ਼ੀਲ ਪੇਂਟਿੰਗ ਸਾਡੇ ਇਤਿਹਾਸ ਦੇ ਇੱਕ ਮਹੱਤਵਪੂਰਨ ਪਲ ਨੂੰ ਕੈਪਚਰ ਕਰਦੀ ਹੈ, ਜਦੋਂ ਪਹਿਲੇ ਵਿਸ਼ਵ ਯੁੱਧ ਵਿਚ ਮਦਦ ਕਰਨ ਲਈ ਦੁਨੀਆਭਰ ਤੋਂ ਫ਼ੌਜੀਆਂ ਨੂੰ ਲਿਆਂਦਾ ਗਿਆ ਸੀ। ਮੈਨੂੰ ਉਮੀਦ ਹੈ ਕਿ ਇਹ ਸ਼ਾਨਦਾਰ ਤਸਵੀਰ ਬਹਾਦੁਰ ਜਵਾਨਾਂ ਅਤੇ ਉਨ੍ਹਾਂ ਯੋਗਦਾਨ ਦੀ ਕਹਾਣੀ ਦੱਸਣ ਵਿਚ ਮਦਦ ਕਰਨ ਲਈ ਬ੍ਰਿਟੇਨ ਵਿਚ ਰਹਿਣ।” 

ਪਹਿਲੇ ਵਿਸ਼ਵ ਯੁੱਧ ਦੌਰਾਨ ਲਗਭਗ 15 ਲੱਖ ਭਾਰਤੀ ਫ਼ੌਜੀ ਤਾਇਨਾਤ ਕੀਤੇ ਗਏ ਸਨ ਅਤੇ ਰਿਕਾਰਡ ਅਨੁਸਾਰ, ਪੇਂਟਿੰਗ ਵਿਚ ਮੌਜੂਦ ਦੋਵੇਂ ਫ਼ੌਜੀ ਲੜਾਈ ਲਈ ਫਰਾਂਸ ਭੇਜੇ ਜਾਣ ਤੋਂ 2 ਮਹੀਨੇ ਪਹਿਲਾਂ ਲੰਡਨ ਵਿਚ ਫਿਲਿਪ ਡੀ ਲਾਜ਼ਲੋ ਦੇ ਸਾਹਮਣੇ ਬੈਠੇ ਸਨ, ਤਾਂ ਜੋ ਉਹ ਉਨ੍ਹਾਂ ਦੀਆਂ ਤਸਵੀਰਾਂ ਨੂੰ ਕੈਨਵਸ ‘ਤੇ ਬਣਾ ਸਕੇ। ਮੰਨਿਆ ਜਾਂਦਾ ਹੈ ਕਿ ਡੀ ਲਾਜ਼ਲੋ ਨੇ ਇਹ ਪੇਂਟਿੰਗ ਆਪਣੇ ਸੰਗ੍ਰਹਿ ਲਈ ਬਣਾਈ ਸੀ ਅਤੇ ਇਸਨੂੰ 1937 ਵਿੱਚ ਉਨ੍ਹਾਂ ਦੀ ਮੌਤ ਤੱਕ ਉਨ੍ਹਾਂ ਦੇ ਸਟੂਡੀਓ ਵਿੱਚ ਰੱਖਿਆ ਗਿਆ ਸੀ। ਬ੍ਰਿਟੇਨ ਸਰਕਾਰ ਨੇ ਇਕ ਕਮੇਟੀ ਦੀ ਸਲਾਹ ‘ਤੇ ਇਸ ਪੇਂਟਿੰਗ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ। ਕਮੇਟੀ ਨੇ ਯੁੱਧ ਵਿੱਚ ਭਾਰਤੀਆਂ ਦੇ ਯੋਗਦਾਨ ਦਾ ਅਧਿਐਨ ਕਰਨ ਦੀ ਮਹੱਤਤਾ ਦੇ ਆਧਾਰ ’ਤੇ ਇਹ ਸਿਫ਼ਾਰਿਸ਼ ਕੀਤੀ ਹੈ।

Add a Comment

Your email address will not be published. Required fields are marked *