ਜੇਲ੍ਹ ‘ਚ ਜ਼ਿੰਦਾ ਕੈਦੀ ਨੂੰ ਕੱਟ-ਕੱਟ ਖਾ ਗਏ ਖਟਮਲ

 ਅਮਰੀਕਾ ਦੀ ਅਟਲਾਂਟਾ ਜੇਲ੍ਹ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੋਂ ਦੀ ਜੇਲ੍ਹ ‘ਚ ਕੀੜੇ-ਮਕੌੜਿਆਂ ਅਤੇ ਖਟਮਲਾਂ ਦੇ ਕੱਟਣ ਨਾਲ ਇਕ ਕੈਦੀ ਦੀ ਮੌਤ ਹੋ ਗਈ ਹੈ। ਮ੍ਰਿਤਕ ਕੈਦੀ ਦੇ ਪਰਿਵਾਰ ਦਾ ਦਾਅਵਾ ਹੈ ਕਿ ਜੇਲ੍ਹ ਦੀ ਕਾਲ ਕੋਠੜੀ ‘ਚ ਕੀੜੇ-ਮਕੌੜੇ ਅਤੇ ਖਟਮਲ ਉਨ੍ਹਾਂ ਦੇ ਮੈਂਬਰ ਨੂੰ ਜ਼ਿੰਦਾ ਖਾ ਗਏ, ਜਿਸ ਕਾਰਨ ਆਖਿਰਕਾਰ ਉਸ ਦੀ ਮੌਤ ਹੋ ਗਈ।

ਖ਼ਬਰਾਂ ਮੁਤਾਬਕ ਲਾਸ਼ੌਨ ਥਾਮਸਨ ਨੂੰ ਜਬਰ-ਜ਼ਨਾਹ ਦੇ ਇਕ ਮਾਮਲੇ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਸਜ਼ਾ ਸੁਣਾਈ ਗਈ ਸੀ। ਉਸ ਨੂੰ ਕੁਝ ਦਿਨ ਜਨਰਲ ਜੇਲ੍ਹ ਵਿੱਚ ਰੱਖਿਆ ਗਿਆ ਸੀ ਪਰ ਜੱਜਾਂ ਨੇ ਦੋਸ਼ੀ ਨੂੰ ਮਾਨਸਿਕ ਤੌਰ ’ਤੇ ਬਿਮਾਰ ਕਰਾਰ ਦੇ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਫੁਲਟਨ ਕਾਉਂਟੀ ਜੇਲ੍ਹ ਦੇ ਮਨੋਵਿਗਿਆਨਕ ਵਿੰਗ ਵਿੱਚ ਸ਼ਿਫਟ ਕਰ ਦਿੱਤਾ ਗਿਆ।

ਪਰਿਵਾਰ ਦੇ ਨਾਲ-ਨਾਲ ਮ੍ਰਿਤਕ ਦੇ ਵਕੀਲ ਮਾਈਕਲ ਡੀ ਹਾਰਪਰ ਦਾ ਵੀ ਦਾਅਵਾ ਹੈ ਕਿ ਕੈਦੀ ਦੀ ਦੇਖਭਾਲ ਸਹੀ ਢੰਗ ਨਾਲ ਨਹੀਂ ਕੀਤੀ ਗਈ। ਜੇਲ੍ਹ ਵਿੱਚ ਉਸ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕੀਤਾ ਗਿਆ। ਜਿਸ ਬੈਰਕ ਵਿੱਚ ਲਾਸ਼ੌਨ ਨੂੰ ਰੱਖਿਆ ਗਿਆ ਸੀ, ਉਸ ਵਿੱਚ ਕੋਈ ਜਾਨਵਰ ਵੀ ਨਹੀਂ ਰੱਖਿਆ ਜਾ ਸਕਦਾ। ਵਕੀਲ ਨੇ ਜੇਲ੍ਹ ਪ੍ਰਸ਼ਾਸਨ ’ਤੇ ਦੋਸ਼ ਲਾਉਂਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਥਾਮਸਨ ਦੇ ਪਰਿਵਾਰਕ ਵਕੀਲ ਨੇ ਉਸ ਦੀ ਲਾਸ਼ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ‘ਚ ਉਸ ਦੀ ਲਾਸ਼ ‘ਤੇ ਕੀੜੇ-ਮਕੌੜੇ ਦੇਖੇ ਜਾ ਸਕਦੇ ਹਨ।

ਵਕੀਲ ਨੇ ਇਸ ਘਟਨਾ ਬਾਰੇ ਮੀਡੀਆ ਨੂੰ ਦੱਸਿਆ ਕਿ ਥਾਮਸਨ ਦਾ ਇਕ ਤਰ੍ਹਾਂ ਨਾਲ ਕਤਲ ਕੀਤਾ ਗਿਆ ਹੈ। ਉਸ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਉਹ ਅਜਿਹੀ ਮੌਤ ਦਾ ਹੱਕਦਾਰ ਨਹੀਂ ਸੀ। ਜਿਸ ਕਾਲ ਕੋਠੜੀ ਵਿੱਚ ਉਸ ਨੂੰ ਰੱਖਿਆ ਗਿਆ ਸੀ, ਉਥੇ ਕਿਸੇ ਬਿਮਾਰ ਜਾਨਵਰ ਨੂੰ ਵੀ ਨਹੀਂ ਰੱਖਿਆ ਜਾ ਸਕਦਾ।

ਦੂਜੇ ਪਾਸੇ ਇਸ ਘਟਨਾ ਸਬੰਧੀ ਜੇਲ੍ਹ ਪ੍ਰਸ਼ਾਸਨ ਨੇ ਆਪਣੇ ਸਪੱਸ਼ਟੀਕਰਨ ‘ਚ ਕਿਹਾ ਕਿ ਥਾਮਸਨ ਨੂੰ ਗ੍ਰਿਫ਼ਤਾਰ ਕੀਤੇ 3 ਮਹੀਨੇ ਹੋ ਚੁੱਕੇ ਸਨ। ਉਹ ਜੇਲ੍ਹ ਦੀ ਕੋਠੜੀ ਵਿੱਚ ਬੇਹੋਸ਼ੀ ਦੀ ਹਾਲਤ ‘ਚ ਮਿਲਿਆ ਸੀ। ਮੈਡੀਕਲ ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਸ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਗਈ ਪਰ ਬਚਾਇਆ ਨਹੀਂ ਜਾ ਸਕਿਆ। ਹਾਲਾਂਕਿ, ਜੇਲ੍ਹ ਪ੍ਰਸ਼ਾਸਨ ਨੇ ਬੈਰਕ ਵਿੱਚ ਕੀੜੇ-ਮਕੌੜੇ ਅਤੇ ਖਟਮਲ ਹੋਣ ਦੀ ਗੱਲ ਸਵੀਕਾਰ ਕੀਤੀ ਹੈ।

Add a Comment

Your email address will not be published. Required fields are marked *