ਪਾਕਿ ‘ਚ ਹਾਲਾਤ ਹੋਏ ਬਦਤਰ, ਆਟੇ ਨੂੰ ਲੈ ਕੇ ਵੰਡ ਕੇਂਦਰ ਦੇ ਬਾਹਰ ਮਚੀ ਭੱਜ-ਦੌੜ

ਇਸਲਾਮਾਬਾਦ: ਪਾਕਿਸਤਾਨ ਦੇ ਮਾਨਸੇਹਰਾ ਵਿਚ ਬੁੱਧਵਾਰ ਨੂੰ ਓਘੀ ਤਹਿਸੀਲ ਦੇ ਕਰੋਰੀ ਖੇਤਰ ਵਿਚ ਇਕ ਵੰਡ ਕੇਂਦਰ ਦੇ ਬਾਹਰ ਮੁਫਤ ਆਟੇ ਦੀਆਂ ਬੋਰੀਆਂ ਨੂੰ ਲੈ ਕੇ ਮਚੀ ਭੱਜ-ਦੌੜ ਵਿਚ ਕਈ ਲੋਕ ਜ਼ਖ਼ਮੀ ਹੋ ਗਏ ਹਨ। ਚਸ਼ਮਦੀਦਾਂ ਮੁਤਾਬਕ ਲੋਕ ਸਰਕਾਰੀ ਸਕੀਮ ਅਧੀਨ ਮੁਫਤ ਆਟਾ ਪ੍ਰਾਪਤ ਕਰਨ ਲਈ ਨਿਰਧਾਰਤ ਸਿਹਤ ਕੇਂਦਰ ਵਿੱਚ ਇਕੱਠੇ ਹੋਏ ਅਤੇ “ਦੇਰੀ ਅਤੇ ਬੇਇਨਸਾਫੀ” ਦੇ ਕਾਰਨ ਭੜਕ ਗਏ। ਉਨ੍ਹਾਂ ਦੱਸਿਆ ਕਿ ਭੀੜ ਨੇ ਆਟਾ ਲੈ ਕੇ ਜਾ ਰਹੇ ਇੱਕ ਟਰੱਕ ‘ਤੇ ਧਾਵਾ ਬੋਲ ਦਿੱਤਾ ਅਤੇ ਆਟੇ ਦੀਆਂ ਸੈਂਕੜੇ ਬੋਰੀਆਂ ਲੁੱਟ ਕੇ ਲੈ ਗਏ।

ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਚਸ਼ਮਦੀਦਾਂ ਨੇ ਦੱਸਿਆ ਕਿ ਭੱਜ-ਦੌੜ ਵਿਚ ਜ਼ਖ਼ਮੀ ਹੋਏ ਕਈ ਲੋਕਾਂ ਨੂੰ ਇਲਾਜ ਲਈ ਸਿਹਤ ਕੇਂਦਰ ਲਿਜਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਡਿਸਟ੍ਰੀਬਿਊਟਰ ਪੱਖਪਾਤ ਕਰ ਰਹੇ ਸਨ। ਵੰਡ ਕੇਂਦਰ ‘ਤੇ ਮੌਜੂਦ ਇਕ ਬਜ਼ੁਰਗ ਵਿਅਕਤੀ ਮੁਤਾਬਕ ਸ਼ਕਤੀਸ਼ਾਲੀ ਆਟੇ ਦੀਆਂ ਕਈ ਬੋਰੀਆਂ ਲੈ ਕੇ ਭੱਜ ਗਏ ਪਰ ਕਮਜ਼ੋਰ ਵਰਤ ਰੱਖਣ ਦੌਰਾਨ ਘੰਟਿਆਂਬੱਧੀ ਕਤਾਰਾਂ ਵਿੱਚ ਖੜ੍ਹੇ ਹੋਣ ਦੇ ਬਾਵਜੂਦ ਖਾਲੀ ਹੱਥ ਪਰਤ ਗਏ। ਨਿਊਜ਼ ਰਿਪੋਰਟ ਦੇ ਅਨੁਸਾਰ, ਆਲ ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਫੈਯਾਜ਼ ਖਾਨ ਨੇ ਅਧਿਕਾਰੀਆਂ ਨੂੰ ਆਟੇ ਦੀ ਨਿਰਪੱਖ ਵੰਡ ਨੂੰ ਯਕੀਨੀ ਬਣਾਉਣ ਲਈ ਕਿਹਾ। ਖਾਨ ਨੇ ਡਰ ਜ਼ਾਹਰ ਕੀਤਾ ਕਿ ਜੇ ਅਧਿਕਾਰੀ ਆਟੇ ਦੀ ਨਿਰਪੱਖ ਵੰਡ ਨੂੰ ਯਕੀਨੀ ਨਹੀਂ ਬਣਾਉਂਦੇ ਤਾਂ ਭੱਜ-ਦੌੜ ਜਾਰੀ ਰਹੇਗੀ।

Add a Comment

Your email address will not be published. Required fields are marked *