ਪਾਕਿਸਤਾਨ ‘ਚ ਮਹਿੰਗਾਈ ਨੇ ਤੋੜਿਆ ਰਿਕਾਰਡ, 450 ਰੁਪਏ ਦਰਜਨ ਹੋਏ ਕੇਲੇ

ਇਸਲਾਮਾਬਾਦ—ਪਾਕਿਸਤਾਨ ‘ਚ ਮਹਿੰਗਾਈ ਉਸ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ, ਜਿੱਥੇ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਜਨਤਾ ਲਈ ਮੁਸ਼ਕਲ ਬਣਿਆ ਹੋਇਆ ਹੈ। ਆਰਥਿਕ ਸੰਕਟ ‘ਚ ਘਿਰੇ ਪਾਕਿਸਤਾਨ ਦੇ ਲੋਕਾਂ ਲਈ ਆਪਣੇ ਬੱਚਿਆਂ ਨੂੰ ਚੰਗੇ ਸਕੂਲ ‘ਚ ਪੜ੍ਹਾਉਣਾ ਵੀ ਸੁਫ਼ਨਾ ਹੁੰਦਾ ਜਾ ਰਿਹਾ ਹੈ। ਪਾਕਿਸਤਾਨ ਰੁਪਏ ‘ਚ ਹਾਲ ਹੀ ‘ਚ ਆਈ ਗਿਰਾਵਟ ਨੇ ਆਰਥਿਕ ਸੰਕਟ ਨੂੰ ਹੋਰ ਵਧਾ ਦਿੱਤਾ ਹੈ। ਫਿਲਹਾਲ ਪਾਕਿਸਤਾਨੀ ਰੁਪਿਆ ਇਕ ਡਾਲਰ ਦੇ ਮੁਕਾਬਲੇ 288 ਦੇ ਪੱਧਰ ‘ਤੇ ਪਹੁੰਚ ਗਿਆ ਹੈ। ਰਮਜ਼ਾਨ ਦੇ ਮਹੀਨੇ ਲੋਕਾਂ ਕੋਲ ਰੋਜ਼ੇ ਤੋੜਨ ਲਈ ਲੋੜੀਂਦੇ ਫਲ ਖਰੀਦਣ ਲਈ ਵੀ ਪੈਸੇ ਨਹੀਂ ਬਚਦੇ। ਦੇਸ਼ ‘ਚ ਕੇਲੇ 450 ਰੁਪਏ ਦਰਜਨ, ਸੇਬ 400 ਰੁਪਏ ਅਤੇ ਗੰਢੇ 200 ਰੁਪਏ ਕਿਲੋ ਵਿਕ ਰਹੇ ਹਨ।

ਦੇਸ਼ ‘ਚ ਪਿਛਲੇ ਦੋ ਹਫ਼ਤਿਆਂ ‘ਚ ਮੁਫਤ ਭੋਜਨ ਜਾਂ ਕਣਕ ਪਾਉਣ ਦੀ ਕੋਸ਼ਿਸ਼ ‘ਚ ਦੋ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। 25,000 ਰੁਪਏ ਕਮਾਉਣ ਵਾਲਾ ਸ਼ਕੀਲ ਅਹਿਮਦ ਇਕੱਲਾ ਹੈ ਅਤੇ ਉਸ ਦਾ ਅਜੇ ਕੋਈ ਪਰਿਵਾਰ ਨਹੀਂ ਹੈ। ਇੱਕ ਕੰਟੀਨ ‘ਚ ਕੰਮ ਕਰਨ ਵਾਲਾ ਸ਼ਕੀਲ ਮਹੀਨੇ ਦੇ ਪਹਿਲੇ ਦੋ ਹਫ਼ਤਿਆਂ ‘ਚ ਜੋ ਕਮਾਉਂਦੇ ਹਨ, ਉਹ ਸਾਰਾ ਖਰਚ ਹੋ ਜਾਂਦਾ ਹੈ। ਫਿਰ ਉਨ੍ਹਾਂ ਨੂੰ ਜਾਂ ਤਾਂ ਉਧਾਰ ਲੈਣਾ ਪੈਂਦਾ ਹੈ ਜਾਂ ਬਾਕੀ ਦੇ ਸਮੇਂ ਲਈ ਓਵਰਟਾਈਮ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਫਲਾਂ ਅਤੇ ਸਬਜ਼ੀਆਂ ਦੇ ਭਾਅ ਬਹੁਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ ਅਤੇ ਗਰੀਬਾਂ ਨੂੰ ਸਿਰਫ਼ ਆਟੇ-ਚੌਲਾਂ ਦੀ ਚਿੰਤਾ ਹੈ। ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ 1.1 ਅਰਬ ਡਾਲਰ ਦੇ ਜ਼ਰੂਰੀ ਫੰਡਾਂ ਦੀ ਉਡੀਕ ਕਰ ਰਿਹਾ ਹੈ। ਇਹ ਫੰਡਿੰਗ ਸਾਲ 2019 ‘ਚ ਕੀਤੇ ਗਏ 6.5 ਬਿਲੀਅਨ ਡਾਲਰ ਦੇ ਬੇਲਆਊਟ ਸਮਝੌਤੇ ਦਾ ਹਿੱਸਾ ਹੈ।

ਸਾਲ 1947 ‘ਚ ਆਜ਼ਾਦੀ ਮਿਲੀ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਤਿੰਨ ਵਾਰ ਤਖਤਾਪਲਟ ਦਾ ਸਾਹਮਣਾ ਕਰ ਚੁੱਕਾ ਹੈ। ਚੁਣੀਆਂ ਹੋਈਆਂ ਸਰਕਾਰਾਂ ਨੂੰ ਸੱਤਾ ਤੋਂ ਬੇਦਖ਼ਲ ਕਰਨ ਵਾਲੇ ਅਤੇ ਫੌਜੀ ਸ਼ਾਸਨ ਦਾ ਇਤਿਹਾਸ ਰੱਖਣ ਵਾਲੇ ਇਸ ਦੇਸ਼ ‘ਚ ਆਰਥਿਕ ਸਥਿਤੀ ਕਦੇ ਇੰਨੀ ਖਰਾਬ ਨਹੀਂ ਰਹੀ ਜਿੰਨੀ ਕਿ ਇਸ ਸਮੇਂ ਹੈ। ਨਕਦੀ ਸੰਕਟ ਨਾਲ ਜੂਝ ਰਹੀ ਪਾਕਿਸਤਾਨ ਦੀ ਅਰਥਵਿਵਸਥਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਗਿਰਾਵਟ ਦੀ ਸਥਿਤੀ ‘ਚ ਹੈ।  ਇਸ ਦੀ ਵਜ੍ਹਾ ਨਾਲ ਗਰੀਬ ਜਨਤਾ ‘ਤੇ ਬੇਕਾਬੂ ਮਹਿੰਗਾਈ ਦਾ ਦਬਾਅ ਵਧਦਾ ਜਾ ਰਿਹਾ ਹੈ। ਇਸਦਾ ਨਤੀਜਾ ਹੈ ਕਿ ਹੁਣ ਵੱਡੀ ਗਿਣਤੀ ‘ਚ ਲੋਕਾਂ ਲਈ ਗੁਜ਼ਾਰਾ ਕਰਨਾ ਅਸੰਭਵ ਹੋ ਗਿਆ ਹੈ। ਪਿਛਲੇ ਸਾਲ ਦੇ ਵਿਨਾਸ਼ਕਾਰੀ ਹੜ੍ਹਾਂ ਨੇ ਸਥਿਤੀ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ। ਹੜ੍ਹ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਕਈ ਗੁਣਾ ਵੱਧ ਗਈਆਂ ਹਨ। ਸਤੰਬਰ 2022 ‘ਚ ਆਏ ਹੜ੍ਹਾਂ ‘ਚ 1,700 ਤੋਂ ਲੋਕਾਂ ਦੀ ਮੌਤ ਹੋ ਗਈ ਅਤੇ ਵੱਡੇ ਪੈਮਾਨੇ ‘ਤੇ ਭਾਰੀ ਆਰਥਿਕ ਨੁਕਸਾਨ ਹੋਇਆ।

Add a Comment

Your email address will not be published. Required fields are marked *