ਬ੍ਰਿਸਬੇਨ ਸਿਟੀ ਕੌਂਸਲ ਦੇ ਬੱਸ ਆਪ੍ਰੇਟਰਾਂ ਨੇ ਹਾਰਮੋਨੀ ਡੇਅ ਅਤੇ ਵਿਸਾਖੀ ਨੂੰ ਸਮਰਪਿਤ ਲਗਾਇਆ ਲੰਗਰ

ਬ੍ਰਿਸਬੇਨ : ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸਮਾਗਮ ਜਿੱਥੇ ਦੇਸ਼-ਵਿਦੇਸ਼ ਵਿੱਚ ਬਹੁਤ ਹੀ ਧੂਮ-ਧਾਮ ਨਾਲ ਆਯੋਜਿਤ ਕੀਤੇ ਜਾ ਰਹੇ ਹਨ, ਉੱਥੇ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਵੀ ਪੰਜਾਬੀ ਅਤੇ ਹੋਰ ਭਾਈਚਾਰਿਆਂ ਨਾਲ ਸਬੰਧਿਤ ਬ੍ਰਿਸਬੇਨ ਸਿਟੀ ਕੌਂਸਲ ਦੇ ਬੱਸ (ਆਪ੍ਰੇਟਰਾਂ) ਵਲੋਂ ਈਗਲ ਫਾਰਮ ਬੱਸ ਡਿੱਪੂ ਵਿਖੇ ਗੁਰਦੁਆਰਾ ਸਾਹਿਬ ਸ੍ਰੀ ਸਿੰਘ ਸਭਾ ਟਾਇਗਮ ਜੀ ਦੇ ਸਹਿਯੋਗ ਦੇ ਨਾਲ ਹਾਰਮੋਨੀ ਡੇਅ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਮੌਕੇ ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਗਿਆ। ਇਸ ਮੌਕੇ ਬੱਸ ਆਪ੍ਰੇਟਰ ਸੇਵਾਦਾਰਾਂ ਵੱਲੋਂ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਵੰਡ ਕੇ ਛੱਕੋ, ਸੱਚਾ-ਸੁੱਚਾ ਜੀਵਨ ਜਿਊਣ ਤੇ ਗੁਰੂ ਸਾਹਿਬ ਵਲੋਂ ਚਲਾਈ ਗਈ ਲੰਗਰ ਪ੍ਰਥਾ, ਅਧਿਆਤਮਕ ਜੀਵਨ ਫ਼ਲਸਫੇ, ਸਿੱਖਿਆਵਾਂ ਅਤੇ ਗੌਰਵਮਈ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਦੀ ਮੌਲਿਕਤਾ ਅਤੇ ਵਿਲੱਖਣਤਾ ਬਾਰੇ ਦੱਸਿਆ ਗਿਆ। 

ਸੇਵਾਦਾਰਾਂ ਨੇ ਕਿਹਾ ਕਿ ਵਿਸਾਖੀ ਦਾ ਤਿਉਹਾਰ ਭਾਰਤੀ ਇਤਿਹਾਸ ਵਿਚ ਵਿਸ਼ੇਸ਼ ਮਹੱਤਤਾ ਰੱਖਦਾ ਹੈ, ਵਿਸ਼ੇਸ਼ ਕਰਕੇ ਸਿੱਖ ਇਤਿਹਾਸ ਵਿਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਸ ਲਈ ਸਮੂਹ ਸਿੱਖ ਭਾਈਚਾਰਾ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਵਸ ਵਜੋਂ ਮਨਾਉਂਦਾ ਹੈ।ਇਹ ਤਿਉਹਾਰ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਵਿਚ ਵੀ ਮਨਾਇਆ ਜਾਂਦਾ ਹੈ। ਇਹ ਤਿਉਹਾਰ ਖੁਸ਼ਹਾਲੀ ਦਾ ਪ੍ਰਤੀਕ ਹੈ।ਇਸ ਨੂੰ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। 

ਉਨਾ ਅੱਗੇ ਕਿਹਾ ਹਾਰਮੋਨੀ ਡੇਅ ਅਤੇ ਵਿਸਾਖੀ ਦਾ ਤਿਉਹਾਰ ਮਨਾਉਣਾ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਹੋਏ ਮਾਰਗ ਤੇ ਚੱਲ ਕੇ ਸਾਂਝੀਵਾਲਤਾ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਅਜਿਹੇ ਕਾਰਜ ਕਰਨ ਨਾਲ ਵਿਦੇਸ਼ਾ ਵਿਚ ਵੱਸਦੇ ਬਹੁ-ਸੱਭਿਅਕ ਸਮਾਜ ਵਿਚ ਭਾਈਚਾਰਿਕ ਏਕਤਾ ਤੇ ਮਿਲਵਰਤਣ ਦੇ ਨਾਲ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ, ਜੋ ਕਿ ਅਜੋਕੇ ਦੌਰ ਵਿਚ ਬਹੁਤ ਹੀ ਜਰੂਰੀ ਹੈ। ਇਥੇ ਜਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਹਾਰਮੋਨੀ ਡੇਅ ਇੱਕ ਵਿਲੱਖਣ ਤੌਰ ‘ਤੇ ਵੱਖ-ਵੱਖ ਸੱਭਿਆਚਾਰਾਂ ਵਿੱਚ ਸਦਭਾਵਨਾ ਅਤੇ ਏਕਤਾ ਨੂੰ ਉਤਸ਼ਾਹਿਤ ਕਰਦਾ ਦਿਨ ਹੈ। ਇਸ ਮੌਕੇ ਸਥਾਨਕ ਬਿ੍ਸਬੇਨ ਟਰਾਂਸਪੋਰਟ ਬੱਸ ਡਿੱਪੂਆਂ ਦੇ ਨੁਮਾਇੰਦਿਆਂ ਤੇ ਬੱਸ ਆਪ੍ਰੇਟਰਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।

Add a Comment

Your email address will not be published. Required fields are marked *