ਸ੍ਰੀ ਖੁਰਾਲਗੜ੍ਹ ਸਾਹਿਬ ‘ਚ ਮੁੜ ਵਾਪਰਿਆ ਭਿਆਨਕ ਹਾਦਸਾ
ਗੜ੍ਹਸ਼ੰਕਰ -: ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਲੰਘੀ ਰਾਤ ਇਕ ਦਰਦਨਾਕ ਹਾਦਸੇ ਵਿਚ 4 ਸ਼ਰਧਾਲੂਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਰਾਤ ਕਰੀਬ 11 ਵਜੇ ਤੋਂ ਬਾਅਦ ਵਾਪਰੇ ਇਸ ਹਾਦਸੇ ਵਿਚ ਇਕ ਟਰੱਕ ਹੇਠਾਂ ਆਉਣ ਨਾਲ 4 ਸ਼ਰਧਾਲੂਆਂ ਦੀ ਮੌਤ ਹੋ ਗਈ। ਹਾਲਾਂਕਿ ਮਰਨ ਵਾਲਿਆਂ ਦੀ ਅੱਧੀ ਦਰਜਨ ਦੇ ਕਰੀਬ ਹੋ ਸਕਦੀ ਹੈ, ਪਰ ਫ਼ਿਲਹਾਲ 4 ਮੌਤਾਂ ਦੀ ਹੀ ਪੁਸ਼ਟੀ ਹੋ ਸਕੀ ਹੈ। ਸ੍ਰੀ ਚਰਨ ਛੋਹ ਗੰਗਾ ਤੋਂ ਮੁੱਖ ਸੇਵਾਦਾਰ ਸੰਤ ਬਾਬਾ ਸੁਰਿੰਦਰ ਦਾਸ ਜੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਚਾਰੋ ਸ਼ਰਧਾਲੂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਹ ਸਾਰੇ ਪੈਦਲ ਚੱਲ ਰਹੇ ਸਨ ਅਤੇ ਇਕ ਟਰੱਕ ਹੇਠਾਂ ਆਉਣ ਤੇ ਇਨ੍ਹਾਂ ਦੀ ਮੌਤ ਹੋ ਗਈ।
ਸੰਤ ਸੁਰਿੰਦਰ ਦਾਸ ਜੀ ਨੇ ਦੱਸਿਆ ਕਿ ਸਰਕਾਰੀ ਪੱਧਰ ‘ਤੇ ਕੋਈ ਐਂਬੂਲੈਂਸ ਜਾਂ ਮੈਡੀਕਲ ਸੁਵਿਧਾ ਨਾ ਹੋਣ ਕਾਰਨ ਦੋ ਵਿਅਕਤੀਆਂ ਦੀ ਤਾਂ ਹਸਪਤਾਲ ਲਿਜਾਂਦੇ ਸਮੇਂ ਰਾਹ ਵਿਚ ਮੌਤ ਹੋ ਗਈ। ਹੁਣ ਦੱਸਿਆ ਕਿ ਅਸੀਂ ਵਿਸਾਖੀ ਦੇ ਮੇਲੇ ਦੇ ਸਬੰਧ ਵਿਚ ਪ੍ਰਸ਼ਾਸਨ ਤੋਂ ਐਂਬੂਲੈਂਸ ਅਤੇ ਡਾਕਟਰਾਂ ਦੀ ਟੀਮ ਦੀ ਮੰਗ ਕੀਤੀ ਹੋਈ ਹੈ ਪਰ ਸਾਡੀ ਮੰਗ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਕਲ ਇਕ ਹਾਦਸੇ ਵਿਚ ਤਿੰਨ ਸ਼ਰਧਾਲੂਆਂ ਦੀ ਮੌਤ ਹੋਣ ਉਪਰੰਤ ਪ੍ਰਸ਼ਾਸਨ ਨੇ ਇਸ ਸੜਕ ਤੇ ਕਿਸੇ ਵੀ ਵਾਹਨ ਦੇ ਚੱਲਣ ਤੇ ਰੋਕ ਲਾ ਦਿੱਤੀ ਸੀ ਪਰ ਫੇਰ ਕਿਸ ਤਰ੍ਹਾਂ ਇਹ ਟਰੱਕ ਇਸ ਸੜਕ ਤੇ ਆ ਗਿਆ ਹੁਣ ਪੜਤਾਲ ਦਾ ਵਿਸ਼ਾ ਬਣ ਗਿਆ। ਸੰਤ ਸੁਰਿੰਦਰ ਦਾਸ ਅਨੁਸਾਰ ਪ੍ਰਸ਼ਾਸਨ ਦੀ ਅਣਦੇਖੀ ਅਤੇ ਢਿੱਲੇ ਪ੍ਰਬੰਧਾਂ ਕਾਰਨ ਸੰਗਤ ਵਿਚ ਭਾਰੀ ਰੋਸ ਹੈ।

