IPL 2023 : ਮੁੰਬਈ ਨੇ ਖੋਲ੍ਹਿਆ ਖਾਤਾ, ਦਿੱਲੀ ਨੂੰ 6 ਵਿਕਟਾਂ ਨਾਲ ਦਿੱਤੀ ਮਾਤ

 IPL 2023 ‘ਚ ਮੰਗਲਵਾਰ ਨੂੰ ਖੇਡੇ ਗਏ ਮੈਚ ‘ਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ 6 ਵਿਕਟਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ 173 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ ‘ਚ ਮੁੰਬਈ ਨੇ ਆਖਰੀ ਗੇਂਦ ‘ਤੇ ਇਹ ਟੀਚਾ ਹਾਸਲ ਕਰ ਲਿਆ। ਮੁੰਬਈ ਨੂੰ ਆਖ਼ਰੀ ਗੇਂਦ ‘ਤੇ 2 ਦੌੜਾਂ ਦੀ ਲੋੜ ਸੀ, ਜਿਸ ‘ਤੇ ਟਿਮ ਡੇਵਿਡ ਨੇ ਦੋ ਦੌੜਾਂ ਬਣਾ ਕੇ ਮੁੰਬਈ ਨੂੰ ਜਿੱਤ ਦਿਵਾਈ। ਇਸ ਦੇ ਨਾਲ ਆਈ.ਪੀ.ਐੱਲ 2023 ਵਿੱਚ, ਮੁੰਬਈ ਨੇ ਪਹਿਲੀਆਂ ਦੋ ਹਾਰਾਂ ਤੋਂ ਬਾਅਦ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ, ਜਦੋਂ ਕਿ ਦਿੱਲੀ ਨੇ ਅਜੇ ਆਪਣਾ ਖਾਤਾ ਨਹੀਂ ਖੋਲ੍ਹਿਆ ਹੈ। ਆਈ.ਪੀ.ਐੱਲ 2023 ਵਿੱਚ ਦਿੱਲੀ ਦੀ ਇਹ ਲਗਾਤਾਰ ਚੌਥੀ ਹਾਰ ਹੈ।

ਮੁੰਬਈ ਵਲੋਂ ਮਿਲੇ ਟੀਚੇ ਦਾ ਪਿੱਛਾ ਕਰਦੇ ਹੋਏ ਕਪਤਾਨ ਰੋਹਿਤ ਸ਼ਰਮਾ ਨੇ 45 ਗੇਂਦਾਂ ‘ਤੇ 6 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 65 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਤਿਲਕ ਵਰਮਾ ਨੇ ਵੀ 1 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 41 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ ਵੀ 31 ਦੌੜਾਂ ਦਾ ਯੋਗਦਾਨ ਪਾਇਆ। ਸੂਰਿਆਕੁਮਾਰ ਯਾਦਵ ਇਕ ਵਾਰ ਫਿਰ ਫਲਾਪ ਹੋ ਗਏ ਅਤੇ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਪਰਤ ਗਏ। ਦਿੱਲੀ ਲਈ ਮੁਕੇਸ਼ ਕੁਮਾਰ ਨੇ 2 ਵਿਕਟਾਂ ਲਈਆਂ ਜਦਕਿ ਮੁਸਤਫ਼ਿਕੁਰ ਰਹਿਮਾਨ ਨੇ 1 ਵਿਕਟ ਲਿਆ। ਅੰਤ ‘ਚ ਮੁੰਬਈ ਲਈ ਕੈਮਰੂਨ ਗ੍ਰੀਨ ਨੇ ਅਜੇਤੂ 17 ਦੌੜਾਂ ਬਣਾਈਆਂ, ਜਦਕਿ ਟਿਮ ਡੇਵਿਡ ਨੇ ਅਜੇਤੂ 13 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ 173 ਦੌੜਾਂ ਦਾ ਟੀਚਾ ਰੱਖਿਆ ਹੈ। ਦਿੱਲੀ ਦੇ ਕਪਤਾਨ ਡੇਵਿਡ ਵਾਰਨਰ ਅਤੇ ਬੱਲੇਬਾਜ਼ ਅਕਸ਼ਰ ਪਟੇਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਅਕਸ਼ਰ ਨੇ 25 ਗੇਂਦਾਂ ‘ਚ 4 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ, ਜਦਕਿ ਡੇਵਿਡ ਵਾਰਨਰ ਨੇ 47 ਗੇਂਦਾਂ ‘ਚ 6 ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਪ੍ਰਿਥਵੀ ਸ਼ਾਅ ਇਕ ਵਾਰ ਫਿਰ ਫਲਾਪ ਰਹੇ ਅਤੇ 15 ਦੌੜਾਂ ਬਣਾ ਕੇ ਆਊਟ ਹੋ ਗਏ। ਮਨੀਸ਼ ਪਾਂਡੇ ਨੇ ਛੋਟੀ ਪਰ ਦਮਦਾਰ ਪਾਰੀ ਖੇਡੀ। ਉਸ ਨੇ 18 ਗੇਂਦਾਂ ਵਿੱਚ 26 ਦੌੜਾਂ ਬਣਾਈਆਂ। ਪਹਿਲਾ ਮੈਚ ਖੇਡ ਰਹੇ ਯਸ਼ ਢੁਲ ਸਿਰਫ 2 ਦੌੜਾਂ ਹੀ ਬਣਾ ਸਕੇ, ਜਦਕਿ ਤਜਰਬੇਕਾਰ ਰੋਵਮੈਨ ਪਾਵੇਲ 4 ਦੌੜਾਂ ਬਣਾ ਕੇ ਆਊਟ ਹੋ ਗਏ।

ਅੰਤ ‘ਚ ਦਿੱਲੀ ਦਾ ਕੋਈ ਵੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ, ਕੁਲਦੀਪ ਯਾਦਵ ਬਿਨਾਂ ਖਾਤਾ ਖੋਲ੍ਹੇ ਰਨ ਆਊਟ ਹੋ ਗਏ, ਜਦਕਿ ਅਭਿਸ਼ੇਕ ਪੋਰੇਲ 1 ਦੌੜਾਂ ਬਣਾ ਕੇ ਆਊਟ ਹੋ ਗਏ। ਅੰਤ ਵਿੱਚ ਐਨਰਿਕ ਨੋਰਕੀਆ ਨੇ 5 ਦੌੜਾਂ ਬਣਾਈਆਂ ਜਦੋਂ ਕਿ ਮੁਸਤਫੀਕੁਰ ਰਹਿਮਾਨ ਨੇ ਨਾਬਾਦ 1 ਦੌੜਾਂ ਬਣਾਈਆਂ। ਮੁੰਬਈ ਲਈ ਜੇਸਨ ਬੇਹਰਨਡੋਰਫ ਅਤੇ ਪੀਯੂਸ਼ ਚਾਵਲਾ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਰਿਲੇ ਮੇਡਰੇਥ ਨੇ 2 ਵਿਕਟਾਂ ਅਤੇ ਰਿਤਿਕ ਸ਼ੋਕਿਨ ਨੇ 1 ਵਿਕਟ ਦਾ ਯੋਗਦਾਨ ਪਾਇਆ।

Add a Comment

Your email address will not be published. Required fields are marked *