‘30 ਅਪ੍ਰੈਲ ਨੂੰ ਖ਼ਤਮ ਕਰ ਦੇਵਾਂਗਾ’, ਸਲਮਾਨ ਖ਼ਾਨ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ

ਮੁੰਬਈ – ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸਲਮਾਨ ਨੂੰ ਇਕ ਵਾਰ ਮੁੜ ਧਮਕੀ ਭਰੀ ਫੋਨ ਕਾਲ ਆਈ ਹੈ। ਫੋਨ ਕਰਨ ਵਾਲੇ ਨੇ ਕਿਹਾ ਹੈ ਕਿ ਉਹ 30 ਅਪ੍ਰੈਲ ਨੂੰ ਸਲਮਾਨ ਖ਼ਾਨ ਨੂੰ ਮਾਰ ਦੇਵੇਗਾ। ਸੁਪਰਸਟਾਰ ਬਾਰੇ ਇਹ ਕਾਲ ਸੋਮਵਾਰ ਰਾਤ 9 ਵਜੇ ਆਈ।

10 ਅਪ੍ਰੈਲ ਨੂੰ ਸਲਮਾਨ ਖ਼ਾਨ ਨੇ ਆਉਣ ਵਾਲੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਟਰੇਲਰ ਰਿਲੀਜ਼ ਕੀਤਾ। ਟਰੇਲਰ ਲਾਂਚ ਦੀ ਰਾਤ ਨੂੰ ਮੁੰਬਈ ਪੁਲਸ ਦੇ ਕੰਟਰੋਲ ਰੂਮ ’ਚ ਸਲਮਾਨ ਨੂੰ ਲੈ ਕੇ ਧਮਕੀ ਭਰੀ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਫੋਨ ’ਤੇ ਆਪਣੀ ਪਛਾਣ ਜੋਧਪੁਰ ਦੇ ਗਊ ਰੱਖਿਅਕ ਰੌਕੀ ਭਾਈ ਵਜੋਂ ਕਰਵਾਈ ਹੈ। ਉਸ ਵਿਅਕਤੀ ਨੇ ਪੁਲਸ ਨੂੰ ਬੁਲਾਇਆ ਤੇ ਕਿਹਾ ਕਿ ਉਹ 30 ਅਪ੍ਰੈਲ ਨੂੰ ਸਲਮਾਨ ਨੂੰ ਖ਼ਤਮ ਕਰ ਦੇਵੇਗਾ। ਮੁੰਬਈ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ 18 ਮਾਰਚ ਨੂੰ ਸਲਮਾਨ ਦੇ ਮੈਨੇਜਰ ਪ੍ਰਸ਼ਾਂਤ ਗੁੰਜਾਲਕਰ ਨੂੰ ਧਮਕੀ ਭਰਿਆ ਈ-ਮੇਲ ਭੇਜਿਆ ਗਿਆ ਸੀ, ਜਿਸ ’ਚ ਉਨ੍ਹਾਂ ਨੂੰ ਅਦਾਕਾਰ ਨਾਲ ਗੱਲ ਕਰਨ ਲਈ ਕਿਹਾ ਗਿਆ ਸੀ। ਇਹ ਮੇਲ ਰੋਹਿਤ ਗਰਗ ਦੇ ਨਾਂ ’ਤੇ ਮਿਲੀ ਹੈ। ਈ-ਮੇਲ ’ਚ ਲਿਖਿਆ ਸੀ ਕਿ ਗੋਲਡੀ ਬਰਾੜ ਨੇ ਤੁਹਾਡੇ ਬੌਸ ਯਾਨੀ ਸਲਮਾਨ ਖ਼ਾਨ ਨਾਲ ਗੱਲ ਕਰਨੀ ਹੈ। ਹੋ ਸਕਦਾ ਹੈ ਉਸ ਨੇ ਇੰਟਰਵਿਊ ਦੇਖੀ ਹੋਵੇ, ਜੇਕਰ ਤੁਸੀਂ ਨਹੀਂ ਦੇਖੀ ਤਾਂ ਉਸ ਨੂੰ ਦੇਖਣ ਲਈ ਕਹੋ। ਜੇਕਰ ਤੁਸੀਂ ਮਾਮਲਾ ਬੰਦ ਕਰਵਾਉਣਾ ਚਾਹੁੰਦੇ ਹੋ ਤਾਂ ਗੱਲ ਕਰਵਾ ਦਿਓ, ਜੇਕਰ ਤੁਸੀਂ ਆਹਮੋ-ਸਾਹਮਣੇ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਦੱਸ ਦਿਓ, ਮੈਂ ਤੁਹਾਨੂੰ ਸਮੇਂ ਸਿਰ ਸੂਚਿਤ ਕਰ ਦਿੱਤਾ ਹੈ। ਅਗਲੀ ਵਾਰ ਸਿਰਫ ਝਟਕਾ ਹੀ ਦੇਖਣ ਨੂੰ ਮਿਲੇਗਾ।

ਇਸ ਤੋਂ ਬਾਅਦ ਸਲਮਾਨ ਦੇ ਮੈਨੇਜਰ ਨੇ ਲਾਰੇਂਸ ਬਿਸ਼ਨੋਈ, ਰੋਹਿਤ ਗਰਗ ਤੇ ਗੋਲਡੀ ਬਰਾੜ ਖ਼ਿਲਾਫ਼ ਬਾਂਦਰਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਦੇ ਨਾਂ ’ਤੇ ਐੱਫ. ਆਈ. ਆਰ. ਦਰਜ ਕੀਤੀ ਤੇ ਬਾਂਦਰਾ ਸਥਿਤ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪਿਛਲੇ ਸਾਲ ਜੂਨ ’ਚ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੂੰ ਧਮਕੀ ਭਰੀ ਚਿੱਠੀ ਦਿੱਤੀ ਗਈ ਸੀ। ਇਸ ਚਿੱਠੀ ’ਚ ਕਿਹਾ ਗਿਆ ਸੀ ਕਿ ਸਲਮਾਨ ਦੀ ਹਾਲਤ ਵੀ ਸਿੱਧੂ ਮੂਸੇ ਵਾਲਾ ਵਰਗੀ ਹੋਵੇਗੀ।

Add a Comment

Your email address will not be published. Required fields are marked *