ਕਾਂਗਰਸ ਨੇ ਸਿੱਖ ਕਤਲੇਆਮ ਦੇ ਕਸੂਰਵਾਰਾਂ ਦਾ ਬਚਾਅ ਕੀਤਾ: ਸਿਰਸਾ

ਨਵੀਂ ਦਿੱਲੀ, 11 ਅਪਰੈਲ-: ਭਾਜਪਾ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਜਦੋਂ ਯੂਪੀਏ ਸਰਕਾਰ ਦੇ ਰਾਜ ਵਿਚ ਸੀਬੀਆਈ ਨੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਤਾਂ ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਹੁੰਦਿਆਂ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਸੀ ਕਿ ਉਨ੍ਹਾਂ ਕੋਲ ਟਾਈਟਲਰ ਖ਼ਿਲਾਫ਼ ਹੋਰ ਵੀ ਗਵਾਹ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਇਕ ਪ੍ਰਮੁੱਖ ਗਵਾਹ ਨੇ ਅਦਾਲਤ ਵਿਚ ਪੇਸ਼ ਹੋ ਕੇ ਧਾਰਾ 164 ਤਹਿਤ ਆਪਣੇ ਬਿਆਨ ਦਰਜ ਕਰਵਾਏ ਹਨ ਤੇ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਵੇਲੇ ਜਗਦੀਸ਼ ਟਾਈਟਲਰ ਪੁਲ ਬੰਗਸ਼ ਵਿਖੇ ਆਇਆ ਸੀ ਤੇ ਉਸ ਨੇ ਖੜ੍ਹੇ ਹੋ ਕੇ ਸਿੱਖਾਂ ਦਾ ਕਤਲੇਆਮ ਕਰਵਾਇਆ।

ਉਨ੍ਹਾਂ ਦੱਸਿਆ ਕਿ ਹੁਣ ਸੀਬੀਆਈ ਇਸ ਕੇਸ ’ਤੇ ਕੰਮ ਕਰ ਰਹੀ ਹੈ ਤੇ ਉਸ ਨੇ ਜਗਦੀਸ਼ ਟਾਈਟਲਰ ਨੂੰ ਆਪਣੀ ਆਵਾਜ਼ ਦੇ ਨਮੂਨੇ ਲੈਣ ਵਾਸਤੇ ਸੀਐਫਐਸਐਲ ਲੈਬ ਵਿੱਚ ਤਲਬ ਕੀਤਾ ਹੈ। ਸਿਰਸਾ ਨੇ ਕਿਹਾ ਕਿ ਉਨ੍ਹਾਂ ਕੋਲ ਟਾਈਟਲਰ ਖ਼ਿਲਾਫ਼ ਹੋਰ ਵੀ ਗਵਾਹ ਹਨ। ਸ੍ਰੀ ਸਿਰਸਾ ਨੇ ਕਿਹਾ ਕਿ ਕੇਂਦਰ ਵਿਚ ਸਰਕਾਰ ਹੋਣ ਵੇਲੇ ਕਾਂਗਰਸ ਨੇ ਆਪਣੇ ਉਨ੍ਹਾਂ ਆਗੂਆਂ ਦਾ ਬਚਾਅ ਕੀਤਾ ਜਿਨ੍ਹਾਂ ਨੇ ਭੀੜ ਦੀ ਅਗਵਾਈ ਕਰਦਿਆਂ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ ਹਜ਼ਾਰਾਂ ਮਾਸੂਮ ਤੇ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ। ਉਨ੍ਹਾਂ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨਡੀਏ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਹੋਣ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਨਿਆਂ ਦੇਣ ਦੀ ਥਾਂ ਕਾਂਗਰਸ ਪਾਰਟੀ ਨੇ ਟਾਈਟਲਰ ਤੇ ਹੋਰਨਾਂ ਨੂੰ ਪਾਰਟੀ ਤੇ ਸਰਕਾਰ ਵਿੱਚ ਅਹੁਦੇ ਦੇ ਕੇ ਸਨਮਾਨਿਆ।

Add a Comment

Your email address will not be published. Required fields are marked *