ਕਾਂਗਰਸ ਨੇ ਅਡਾਨੀ ਗਰੁੱਪ ਦੇ ਚੀਨ ਨਾਲ ਸਬੰਧਾਂ ਦੇ ਦੋਸ਼ ਲਾਏ
ਨਵੀਂ ਦਿੱਲੀ, 9 ਅਪਰੈਲ-: ਸਰਕਾਰ ’ਤੇ ਤਾਜ਼ਾ ਹਮਲਾ ਕਰਦਿਆਂ ਕਾਂਗਰਸ ਨੇ ਅਡਾਨੀ ਗਰੁੱਪ ਦੇ ਚੀਨ ਨਾਲ ਸਬੰਧਾਂ ਦੇ ਦੋਸ਼ ਲਾਏ ਹਨ ਅਤੇ ਸਵਾਲ ਕੀਤਾ ਕਿ ਗਰੁੱਪ ਨੂੰ ਅਜੇ ਵੀ ਦੇਸ਼ ’ਚ ਬੰਦਰਗਾਹਾਂ ਚਲਾਉਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ। ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੀਡੀਆ ਰਿਪੋਰਟ ਦਾ ਜ਼ਿਕਰ ਕੀਤਾ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਵਾਨ ਹਾਈ ਡਾਇਰੈਕਟਰ ਅਤੇ ਚੀਨੀ ਕੰਪਨੀ ਵਿਚਕਾਰ ਸਬੰਧਾਂ ਦਾ ਪਤਾ ਲੱਗਣ ’ਤੇ ਪਿਛਲੇ ਸਾਲ ਏਪੀਐੱਮ ਟਰਮੀਨਲਜ਼ ਮੈਨੇਜਮੈਂਟ ਅਤੇ ਤਾਇਵਾਨ ਦੀ ਵਾਨ ਹਾਈ ਲਾਈਨਜ਼ ਦੇ ਗਰੁੱਪ ਨੂੰ ਸੁਰੱਖਿਆ ਕਲੀਅਰੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਚੀਨੀ ਕੰਪਨੀਆਂ ਨੂੰ ਦੇਸ਼ ’ਚ ਬੰਦਰਗਾਹਾਂ ਅਤੇ ਟਰਮੀਨਲਸ ’ਤੇ ਕੰਮ ਕਰਨ ਤੋਂ ਰੋਕਣ ਦੀ ਸਰਕਾਰ ਦੀ ਨੀਤੀ ਹੈ ਪਰ ਅਡਾਨੀ ਗਰੁੱਪ ਦੇ ਚੀਨ ਨਾਲ ਸਬੰਧਾਂ ਦੀ ਕੋਈ ਜਾਂਚ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਾਂਗਰਸ ‘ਹਮ ਅਡਾਨੀ ਕੇ ਹੈਂ ਕੌਣ’ ਲੜੀ ਤਹਿਤ ਇਹ ਸਵਾਲ ਪਹਿਲਾਂ ਵੀ ਉਠਾ ਚੁੱਕੀ ਹੈ ਕਿ ਚੀਨੀ ਨਾਗਰਿਕ ਚੈਂਗ ਚੁੰਗ-ਲਿੰਗ, ਅਡਾਨੀ ਗਰੁੱਪ ਨਾਲ ਜੁੜਿਆ ਹੋਇਆ ਹੈ। ‘ਉਸ ਦਾ ਪੁੱਤਰ ਪੀਐੱਮਸੀ ਪ੍ਰਾਜੈਕਟਸ ਦਾ ਕੰਮ ਦੇਖਦਾ ਹੈ ਜਿਸ ਨੇ ਅਡਾਨੀ ਗਰੁੱਪ ਲਈ ਬੰਦਰਗਾਹਾਂ, ਟਰਮੀਨਲ, ਰੇਲ ਲਾਈਨਾਂ, ਪਾਵਰ ਲਾਈਨਾਂ ਅਤੇ ਹੋਰ ਸੰਪਤੀਆਂ ਉਸਾਰੀਆਂ ਹਨ। ਅਡਾਨੀ ਗਰੁੱਪ ਅਤੇ ਪੀਐੱਮਸੀ 5500 ਕਰੋੜ ਰੁਪਏ ਦੇ ਘੁਟਾਲੇ ’ਚ ਸ਼ਾਮਲ ਹਨ।’ ਜੈਰਾਮ ਰਮੇਸ਼ ਨੇ ਕਿਹਾ ਕਿ ਅਡਾਨੀ ਗਰੁੱਪ ਸ਼ੰਘਾਈ ਆਧਾਰਿਤ ਦੋ ਸ਼ਿਪਿੰਗ ਕੰਪਨੀਆਂ ਚਲਾਉਂਦਾ ਹੈ ਜੋ ਚੀਨ ਦੇ ਨੇੜਲੇ ਭਾਈਵਾਲ ਉੱਤਰੀ ਕੋਰੀਆ ਨੂੰ ਪੈਟਰੋਲੀਅਮ ਪਦਾਰਥਾਂ ਦੀ ਗ਼ੈਰਕਾਨੂੰਨੀ ਵਿਕਰੀ ’ਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਚੀਨ ਨਾਲ ਨੇੜਲੇ ਸਬੰਧਾਂ ਦੇ ਬਾਵਜੂਦ ਅਡਾਨੀ ਗਰੁੱਪ ਨੂੰ ਦੇਸ਼ ’ਚ ਬੰਦਰਗਾਹਾਂ ਚਲਾਉਣ ਦੀ ਇਜਾਜ਼ਤ ਕਿਸ ਆਧਾਰ ’ਤੇ ਦਿੱਤੀ ਜਾ ਰਹੀ ਹੈ।

