ਇੰਗਲੈਂਡ ਨੇ ਬ੍ਰਾਜ਼ੀਲ ਨੂੰ ਹਰਾ ਕੇ ਪਹਿਲਾ ਮਹਿਲਾ ਫਾਈਨਲਲੀਸਿਮਾ ਦਾ ਖਿਤਾਬ ਜਿੱਤਿਆ

ਇੰਗਲੈਂਡ ਨੇ ਕਲੋ ਕੇਲੀ ਦੇ ਗੋਲ ਦੇ ਦਮ ’ਤੇ ਬ੍ਰਾਜ਼ੀਲ ਨੂੰ ਇਥੇ ਪੈਨਲਟੀ ਸ਼ੂਟਆਊਟ ’ਚ 4-2 ਨਾਲ ਹਰਾ ਕੇ ਪਹਿਲੀ ਮਹਿਲਾ ਫਾਈਨਲਲੀਸਿਮਾ ਫੁੱਟਬਾਲ ਪ੍ਰਤੀਯੋਗਿਤਾ ਦਾ ਖਿਤਾਬ ਜਿੱਤਿਆ। ਇਹ ਮੁਕਾਬਲਾ ਯੂਰਪ ਅਤੇ ਦੱਖਣੀ ਅਮਰੀਕਾ ਦੀਆਂ ਚੈਂਪੀਅਨ ਟੀਮਾਂ ਵਿਚਾਲੇ ਖੇਡਿਆ ਗਿਆ। ਵੇਮਵਲੇ ’ਚ ਖੇਡੇ ਗਏ ਇਸ ਫਾਈਨਲ ਮੈਚ ਨੂੰ ਦੇਖਣ ਲਈ 83,132 ਦਰਸ਼ਕ ਸਟੇਡੀਅਮ ’ਚ ਪਹੁੰਚੇ ਸਨ। ਈਲੀਆ ਟੂਨੇ ਦੇ 23ਵੇਂ ਮਿੰਟ ’ਚ ਕੀਤੇ ਗਏ ਗੋਲ ਨਾਲ ਇੰਗਲੈਂਡ ਦੀ ਜਿੱਤ ਪੱਕੀ ਲੱਗ ਰਹੀ ਸੀ ਪਰ ਬ੍ਰਾਜ਼ੀਲ ਨੇ ਦੂਜੇ ਹਾਫ ਦੇ ਇੰਜਰੀ ਟਾਈਮ ਦੇ ਤੀਜੇ ਮਿੰਟ ’ਚ ਬਰਾਬਰੀ ਦਾ ਗੋਲ ਦਾਗ ਦਿੱਤਾ।

ਬ੍ਰਾਜ਼ੀਲ ਦੀ ਐਂਡੇਸਾ ਅਲਵੇਸ ਨੇ ਇੰਗਲੈਂਡ ਦੀ ਗੋਲਕੀਪਰ ਮੈਰੀ ਈਪਰਸ ਦੀ ਗਲਤੀ ਦਾ ਫਾਇਦਾ ਉਠਾਉਂਦੇ ਹੋਏ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਮੈਚ ਪੈਨਲਟੀ ਸ਼ੂਟਆਊਟ ਤੱਕ ਖਿੱਚਿਆ ਗਿਆ ਜਿਸ ’ਚ ਇੰਗਲੈਂਡ ਵੱਲੋਂ ਜਾਰਜੀਆ ਸਟੈਨਵੇ, ਰਾਚੇਲ ਡੇਲੀ, ਅਲੈਕਸ ਗ੍ਰੀਨਵੁੱਡ ਅਤੇ ਕੇਲੀ ਨੇ ਗੋਲ ਕਰ ਕੇ ਜਿੱਤ ਪੱਕੀ ਕੀਤੀ। ਦੋਨੋਂ ਟੀਮਾਂ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪੇਲੇ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਸ ਦਾ ਪਿਛਲੇ ਸਾਲ ਦਸੰਬਰ ’ਚ ਦਿਹਾਂਤ ਹੋ ਗਿਆ ਸੀ।

Add a Comment

Your email address will not be published. Required fields are marked *