ਭਾਰਤੀ ਹਾਕੀ ‘ਚ ਪੁਰਸ਼ ਤੇ ਮਹਿਲਾ ਟੀਮਾਂ ’ਚ ਨਵੇਂ ਸਹਾਇਕ ਸਟਾਫ ਦੀ ਨਿਯੁਕਤੀ

ਨਵੀਂ ਦਿੱਲੀ : ਆਸਟ੍ਰੇਲੀਆ ਦੇ ਪ੍ਰਸਿੱਧ ਕੋਚ ਏਂਥਨੀ ਫੇਰੀ ਨੂੰ ਭਾਰਤੀ ਮਹਿਲਾ ਹਾਕੀ ਟੀਮ ਦਾ ਵਿਸ਼ਲੇਸ਼ਣਾਤਮਕ ਕੋਚ ਨਿਯੁਕਤ ਕੀਤਾ ਗਿਆ ਹੈ ਜਦਕਿ ਦੱਖਣੀ ਅਫਰੀਕਾ ਦੇ ਰੇਟ ਹਲਕੇਟ ਮਰਦ ਟੀਮ ਦੇ ਨਾਲ ਇਹ ਭੂਮਿਕਾ ਨਿਭਾਉਣਗੇ। ਹਾਕੀ ਇੰਡੀਆ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਰਾਸ਼ਟਰੀ ਮਹਾਸੰਘ ਨੇ ਦੋਵਾਂ ਟੀਮਾਂ ਲਈ ਹੋਰ ਸਹਾਇਕ ਸਟਾਫ ਮੈਂਬਰਾਂ ਦਾ ਐਲਾਨ ਕੀਤਾ। 

ਫੇਰੀ ਦੀ ਦੇਖਰੇਖ ਵਿਚ ਕੈਨੇਡਾ ਦੀ ਮਰਦ ਟੀਮ ਨੇ 2016 ਰੀਓ ਓਲੰਪਿਕ ਲਈ ਕੁਆਲੀਫਾਈ ਕੀਤਾ। ਉਨ੍ਹਾਂ ਦੇ ਮਾਰਗਦਰਸ਼ਨ ਵਿਚ ਜਾਪਾਨ ਦੀ ਮਹਿਲਾ ਟੀਮ ਨੇ 2018 ਵਿਚ ਏਸ਼ੀਆਈ ਖੇਡਾਂ ਦਾ ਆਪਣਾ ਪਹਿਲਾ ਗੋਲਡ ਮੈਡਲ ਹਾਸਲ ਕੀਤਾ ਸੀ। ਉਹ ਆਪਣੀ ਨਵੀਂ ਭੂਮਿਕਾ ਵਿਚ ਮੁੱਖ ਕੋਚ ਯਾਨੇਕੇ ਸ਼ੋਪਮੈਨ ਦੀ ਸਹਾਇਤਾ ਕਰਨਗੇ।

ਫੇਰੀ ਦੇ ਕੋਚ ਰਹਿੰਦੇ ਕੈਨੇਡਾ ਦੀ ਮਰਦ ਅੰਡਰ-21 ਟੀਮ ਨੇ ਜੂਨੀਅਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ। ਉਹ ਅਗਸਤ 2020 ਤੋਂ ਅਪ੍ਰੈਲ 2022 ਤਕ ਅਮਰੀਕਾ ਦੀ ਮਹਿਲਾ ਟੀਮ ਦੇ ਕੋਚ ਤੇ ਹਾਈ ਪਰਫਾਰਮੈਂਸ ਡਾਇਰੈਕਟਰ ਰਹਿ ਚੁੱਕੇ ਹਨ। ਫੇਰੀ ਤੇ ਹਲਕੇਟ ਤੋਂ ਇਲਾਵਾ ਹਾਕੀ ਇੰਡੀਆ ਨੇ ਰਾਸ਼ਟਰੀ ਮਰਦ ਟੀਮ ਦੇ ਵਿਗਿਆਨਕ ਸਲਾਹਕਾਰ ਦੇ ਰੂਪ ਵਿਚ ਆਸਟ੍ਰੇਲੀਆ ਦੇ ਏਲਨ ਟੈਨ ਦੀ ਨਿਯੁਕਤੀ ਕੀਤੀ ਹੈ। ਹਲਕੇਟ ਤੇ ਟੈਨ ਦੋਵੇਂ ਦੱਖਣੀ ਅਫਰੀਕਾ ਦੇ ਨਵੇਂ ਚੁਣੇ ਗਏ ਮੁੱਖ ਕੋਚ ਕ੍ਰੇਗ ਫੁਲਟਨ ਦੀ ਅਗਵਾਈ ਵਾਲੀ ਮਰਦ ਟੀਮ ਦੇ ਕੋਚਿੰਗ ਮੈਂਬਰਾਂ ਦਾ ਹਿੱਸਾ ਹੋਣਗੇ। 

ਟੈਨ ਨੂੰ ‘ਨਿਊ ਸਾਊਥ ਵੈਲਥ ਇੰਟੀਟਿਊਟ ਅਤੇ ਸਪੋਰਟਸ’ ਵਿਚ ‘ਸਟ੍ਰੈਂਥ ਅਤੇ ਕੰਡੀਸ਼ਨਿੰਗ’ ਕੋਚ ਵਜੋਂ 10 ਸਾਲ ਦਾ ਤਜਰਬਾ ਹੈ। ਹਲਕੇਟ ਨੇ ਦੱਖਣੀ ਅਫਰੀਕਾ ਲਈ 2010 ਤੋਂ 2018 ਤਕ 155 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਹ 2020 ਵਿਚ ਨੀਦਰਲੈਂਡ ਦੇ ਸਹਾਇਕ ਕੋਚ ਰਹਿ ਚੁੱਕੇ ਹਨ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ ਕਿ ਅਸੀਂ ਮਰਦ ਤੇ ਮਹਿਲਾ ਟੀਮ ਵਿਚ ਨਵੇਂ ਕੋਚਿੰਗ ਮੈਂਬਰਾਂ ਦਾ ਸਵਾਗਤ ਕਰਦੇ ਹਾਂ। ਹਾਕੀ ਇੰਡੀਆ ਵੱਲੋਂ ਮੈਂ ਉਨ੍ਹਾਂ ਦੀਆਂ ਨਿਯੁਕਤੀਆਂ ਨੂੰ ਪੂਰਾ ਕਰਨ ਲਈ ਭਾਰਤੀ ਖੇਡ ਅਥਾਰਟੀ (ਸਾਈ) ਦਾ ਧੰਨਵਾਦ ਕਰਦਾ ਹਾਂ ਤੇ 2023 ਵਿਚ ਚੀਨ ਵਿਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਭਾਰਤੀ ਟੀਮਾਂ ਨੂੰ ਤਿਆਰ ਕਰਨ ਵਿਚ ਉਨ੍ਹਾਂ ਦੇ ਨਿਰੰਤਰ ਸਮਰਥਨ ਦੀ ਸ਼ਲਾਘਾ ਕਰਦਾ ਹਾਂ।

Add a Comment

Your email address will not be published. Required fields are marked *