ਕੀ ਗਿੱਪੀ ਗਰੇਵਾਲ ਕਰਨ ਜਾ ਰਹੇ ਨੇ ਅੱਲੂ ਅਰਜੁਨ ਨਾਲ ਕੰਮ

ਚੰਡੀਗੜ੍ਹ – ਸਾਊਥ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਅੱਲੂ ਅਰਜੁਨ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਅੱਲੂ ਅਰਜੁਨ ਦੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੀ ਆਗਾਮੀ ਫ਼ਿਲਮ ‘ਪੁਸ਼ਪਾ ਦਿ ਰੂਲ’ ਤੋਂ ਇਕ ਵੀਡੀਓ ਤੇ ਇਕ ਪੋਸਟਰ ਸਾਂਝਾ ਕੀਤਾ ਗਿਆ, ਜਿਸ ਨੂੰ ਦੇਖ ਦਰਸ਼ਕਾਂ ਦਾ ਉਤਸ਼ਾਹ ਵੱਧ ਗਿਆ ਹੈ। ਇਸ ਵਿਚਾਲੇ ਅੱਜ ਇੰਸਟਾਗ੍ਰਾਮ ਸਟੋਰੀਜ਼ ’ਚ ਅੱਲੂ ਅਰਜੁਨ ਵੱਖ-ਵੱਖ ਕਲਾਕਾਰਾਂ ਵਲੋਂ ਮਿਲ ਰਹੀਆਂ ਜਨਮਦਿਨ ਦੀਆਂ ਵਧਾਈਆਂ ਨੂੰ ਸ਼ੇਅਰ ਕਰ ਰਹੇ ਹਨ, ਜਿਨ੍ਹਾਂ ’ਚੋਂ ਇਕ ਵਧਾਈ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀ ਹੈ।

ਗਿੱਪੀ ਗਰੇਵਾਲ ਨੇ ‘ਪੁਸ਼ਪਾ ਦਿ ਰੂਲ’ ਦਾ ਪੋਸਟਰ ਸਾਂਝਾ ਕਰਦਿਆਂ ‘ਹੈਪੀ ਬਰਥਡੇ ਆਈਕਨ ਸਟਾਰ ਅੱਲੂ ਅਰਜੁਨ’ ਲਿਖਿਆ ਹੈ। ਗਿੱਪੀ ਦੀ ਇਸ ਜਨਮਦਿਨ ਵਿਸ਼ ਨੂੰ ਅੱਲੂ ਅਰਜੁਨ ਨੇ ਵੀ ਸਟੋਰੀਜ਼ ’ਚ ਸਾਂਝਾ ਕੀਤਾ ਹੈ, ਜਿਸ ਨਾਲ ਉਨ੍ਹਾਂ ਲਿਖਿਆ, ‘‘ਬਹੁਤ ਬਹੁਤ ਧੰਨਵਾਦ।’’ ਸਿਰਫ ਇੰਨਾ ਹੀ ਨਹੀਂ, ਨਾਲ ਅੱਲੂ ਅਰਜੁਨ ਨੇ 5 ਕਾਲੇ ਦਿਲ ਵਾਲੀਆਂ ਇਮੋਜੀਜ਼ ਵੀ ਸਾਂਝੀਆਂ ਕੀਤੀਆਂ ਹਨ।

ਇਸ ਤੋਂ ਬਾਅਦ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਅੱਲੂ ਅਰਜੁਨ ਤੇ ਗਿੱਪੀ ਗਰੇਵਾਲ ਆਗਾਮੀ ਫ਼ਿਲਮ ‘ਪੁਸ਼ਪਾ ਦਿ ਰੂਲ’ ’ਤੇ ਕੰਮ ਕਰ ਰਹੇ ਹਨ। ਸ਼ਾਇਦ ਗਿੱਪੀ ਗਰੇਵਾਲ ਅੱਲੂ ਅਰਜੁਨ ਦੀ ਇਸ ਫ਼ਿਲਮ ਦਾ ਕੋਈ ਗੀਤ ਗਾ ਰਹੇ ਹਨ ਕਿਉਂਕਿ ਇਸ ਤੋਂ ਪਹਿਲਾਂ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਹੈ, ਜਦੋਂ ਗਿੱਪੀ ਗਰੇਵਾਲ ਨੇ ਅੱਲੂ ਅਰਜੁਨ ਨੂੰ ਵਧਾਈ ਦਿੱਤੀ ਹੋਵੇ ਤੇ ਗਿੱਪੀ ਦੀ ਵਧਾਈ ’ਤੇ ਅੱਲੂ ਅਰਜੁਨ ਨੇ ਪ੍ਰਤੀਕਿਰਿਆ ਦਿੱਤੀ ਹੋਵੇ। ਕੁਝ ਵੀ ਹੋਵੇ ਜੇਕਰ ਦੋਵੇਂ ਇਕੱਠੇ ਕੰਮ ਕਰਦੇ ਹਨ ਤਾਂ ਇਹ ਸਾਊਥ ਤੇ ਪੰਜਾਬ ਦੋਵਾਂ ਇੰਡਸਟਰੀਜ਼ ਲਈ ਵੱਡੀ ਖ਼ੁਸ਼ੀ ਦੀ ਗੱਲ ਹੋਣ ਵਾਲੀ ਹੈ।

Add a Comment

Your email address will not be published. Required fields are marked *