ਕੋਲਡ ਡਰਿੰਕ ਤੋਂ ਬਾਅਦ ਹੁਣ ਆਈਸਕ੍ਰੀਮ ਬਿਜ਼ਨੈੱਸ ’ਚ ਹੱਥ ਅਜਮਾਉਣਗੇ ਮੁਕੇਸ਼ ਅੰਬਾਨੀ

ਨਵੀਂ ਦਿੱਲੀ : ਤੇਲ, ਗੈਸ ਅਤੇ ਟੈਲੀਕਾਮ ਕਾਰੋਬਾਰ ਤੋਂ ਬਾਅਦ ਹੁਣ ਦੇਸ਼ ਦੇ ਦਿੱਗਜ਼ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਇਸ ਸਾਲ ਗਰਮੀਆਂ ’ਚ ਰਿਟੇਲ ਸੈਕਟਰ ’ਚ ਧੁੰਮਾਂ ਪਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਪਿਛਲੇ ਮਹੀਨੇ ਆਪਣਾ ਕੋਲਡ ਡਰਿੰਕ ਬ੍ਰਾਂਡ ਕੈਂਪਾ ਕੋਲਾ ਲਾਂਚ ਕਰਨ ਤੋਂ ਬਾਅਦ ਹੁਣ ਅੰਬਾਨੀ ਦੀ ਨਜ਼ਰ ਗਰਮੀ ਦੇ ਇਕ ਹੋਰ ਹੌਟ ਬਿਜ਼ਨੈੱਸ ਆਈਸਕ੍ਰੀਮ ਦੇ ਕਾਰੋਬਰ ’ਤੇ ਹੈ।

ਰਿਲਾਇੰਸ ਰਿਟੇਲ ਵੈਂਚਰਸ ਦੀ ਐੱਫ. ਐੱਮ. ਸੀ. ਜੀ. ਕੰਪਨੀ ਰਿਲਾਇੰਸ ਕੰਜ਼ਿਊਮਰ ਪ੍ਰੋਡਕਟਸ ਆਪਣੇ ਇੰਡੀਪੈਂਡੈਂਸ ਬ੍ਰਾਂਡ ਨਾਲ ਆਈਸਕ੍ਰੀਮ ਦੇ ਕਾਰੋਬਾਰ ’ਚ ਐਂਟਰੀ ਮਾਰ ਸਕਦੀ ਹੈ। ਦੱਸ ਦਈਏ ਕਿ ਇੰਡੀਪੈਂਡੈਂਸ ਬ੍ਰਾਂਡ ਨੂੰ ਕੰਪਨੀ ਨੇ ਪਿਛਲੇ ਸਾਲ ਲਾਂਚ ਕੀਤਾ ਸੀ, ਜਿਸ ’ਚ ਮਸਾਲੇ, ਖਾਣ ਵਾਲੇ ਤੇਲ, ਦਾਲਾਂ, ਅਨਾਜ ਅਤੇ ਪੈਕੇਜਡ ਫੂਡ ਤੋਂ ਲੈ ਕੇ ਖਾਣ-ਪੀਣ ਦੇ ਸਾਮਾਨ ਦੀ ਪੂਰੀ ਰੇਂਜ ਸ਼ਾਮਲ ਸੀ।

ਸੂਤਰਾਂ ਮੁਤਾਬਕ ਰਿਲਾਇੰਸ ਆਈਸਕ੍ਰੀਮ ਬਣਾਉਣ ਦੇ ਕੰਮ ਨੂੰ ਆਊਟਸੋਰਸ ਕਰਨ ਲਈ ਗੁਜਰਾਤ ਦੀ ਇਕ ਕੰਪਨੀ ਨਾਲ ਗੱਲਬਾਤ ਕਰ ਰਹੀ ਹੈ। ਰਿਲਾਇੰਸ ਨੇ ਹਾਲ ਹੀ ’ਚ ਡੇਅਰੀ ਸੈਕਟਰ ਦੇ ਦਿੱਗਜ਼ ਆਰ. ਐੱਸ. ਸੋਢੀ ਨੂੰ ਆਪਣੇ ਨਾਲ ਜੋੜਿਆ ਹੈ। ਸੋਢੀ ਕਈ ਸਾਲਾਂ ਤੱਕ ਅਮੂਲ ’ਚ ਕੰਮ ਕਰ ਚੁੱਕੇ ਹਨ। ਇਸ ਨਵੀਂ ਪਹਿਲ ’ਚ ਸੋਢੀ ਦੀ ਅਹਿਮ ਭੂਮਿਕਾ ਹੋ ਸਕਦੀ ਹੈ।

Add a Comment

Your email address will not be published. Required fields are marked *