ਜਥੇਦਾਰ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਨੂੰ ਲੈ ਕੇ ਫਿਰ ਕਹੀ ਇਹ ਗੱਲ

ਤਲਵੰਡੀ ਸਾਬੋ-ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਸ਼ੁੱਕਰਵਾਰ ਨੂੰ ਸ਼ਾਂਤੀਪੂਰਵਕ ਹੋਇਆ। ਸਿੱਖ ਜਥੇਬੰਦੀਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਮਸਲੇ ਬੈਠ ਕੇ ਹੱਲ ਕੀਤੇ ਜਾਣੇ ਚਾਹੀਦੇ ਹਨ। ਜੇਕਰ ਸਰਕਾਰ ਕਸ਼ਮੀਰ, ਨਾਗਾਲੈਂਡ, ਮਿਜ਼ੋਰਮ ਨਾਲ ਗੱਲ ਕਰ ਸਕਦੀ ਹੈ ਤਾਂ ਪੰਜਾਬ ਨਾਲ ਕਿਉਂ ਨਹੀਂ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਆਤਮ-ਸਮਰਪਣ ਕਰਨਾ ਚਾਹੀਦਾ ਹੈ।

ਉਹ ਇਸ ਸਬੰਧੀ ਪਹਿਲਾਂ ਵੀ ਅਪੀਲ ਕਰ ਚੁੱਕੇ ਹਨ। ਜਥੇਦਾਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਅੱਜ ਦੇ ਇਕੱਠ ਦੌਰਾਨ ਆਤਮ-ਸਮਰਪਣ ਕਰਨ ਬਾਰੇ ਮੀਡੀਆ ਵਿਚ ਫੈਲਾਈਆਂ ਜਾ ਰਹੀਆਂ ਖ਼ਬਰਾਂ ਬੇਬੁਨਿਆਦ ਹਨ, ਇਸ ਵਿਚ ਕੋਈ ਸੱਚਾਈ ਨਹੀਂ ਪਰ ਅੱਜ ਫਿਰ ਉਹ ਅੰਮ੍ਰਿਤਪਾਲ ਨੂੰ ਪੁਲਸ ਅੱਗੇ ਆਤਮ-ਸਮਰਪਣ ਕਰਨ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਿੰਨਾ ਵੀ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗੀ, ਓਨੀ ਹੀ ਜ਼ਿਆਦਾ ਲੋਕ ਆਵਾਜ਼ ਉਠਾਉਣਗੇ ਅਤੇ ਜੇਕਰ ਪੰਜਾਬ ਨੂੰ ਦਬਾਇਆ ਗਿਆ ਤਾਂ ਦੇਸ਼ ਵਿਦੇਸ਼ ਤੋਂ ਆਵਾਜ਼ ਉਠਾਈ ਜਾਵੇਗੀ।

ਜਥੇਦਾਰ ਨੇ ਕਿਹਾ ਕਿ ਸਿੱਖ ਵਿਰੋਧੀ ਮੁਹਿੰਮ ਨੂੰ ਤੋੜਨ ਲਈ ਪੰਜਾਬ ਫੋਬੀਆ ਗਰੁੱਪ ਬਣਾਇਆ ਜਾਵੇ, ਜਿਸ ’ਤੇ ਸੱਚਾਈ ਸਾਹਮਣੇ ਆ ਸਕੇ। ਦੱਸਿਆ ਜਾਂਦਾ ਹੈ ਕਿ ਜਦੋਂ ਤਲਵੰਡੀ ਸਾਬੋ ’ਚ ਕੁਝ ਨਹੀਂ ਹੋਇਆ ਤਾਂ ਪੁਲਸ ਲਗਾਤਾਰ ਫਲੈਗ ਮਾਰਚ ਕੱਢ ਕੇ ਲੋਕਾਂ ਵਿਚ ਡਰ ਪੈਦਾ ਕਰ ਰਹੀ ਹੈ ਅਤੇ ਵਿਸਾਖੀ ਤੋਂ ਪਹਿਲਾਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਤਖ਼ਤ ਸ੍ਰੀ ਦਮਦਮਾ ਸਾਹਿਬ ਨਾ ਪੁੱਜ ਸਕਣ। ਜਥੇਦਾਰ ਨੇ ਪੰਜਾਬ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਵਿਸਾਖੀ ਮੌਕੇ ਤਲਵੰਡੀ ਸਾਬੋ ਸਥਿਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਲਈ ਵੱਧ ਤੋਂ ਵੱਧ ਗਿਣਤੀ ’ਚ ਪਹੁੰਚਣ ਦੀ ਅਪੀਲ ਕੀਤੀ।

Add a Comment

Your email address will not be published. Required fields are marked *