ਮੋਦੀ ਕੈਬਨਿਟ ਨੇ ਨਵੀਂ ਘਰੇਲੂ ਗੈਸ ਨੀਤੀ ‘ਤੇ ਲਗਾਈ ਮੋਹਰ, ਕੀਮਤਾਂ ‘ਚ ਹੋਵੇਗੀ ਕਟੌਤੀ

ਕੇਂਦਰ ਸਰਕਾਰ ਨੇ ਨਵੀਂ ਘਰੇਲੂ ਗੈਸ ਨੀਤੀ ਨੂੰ ਮੰਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸੀ.ਐੱਨ.ਜੀ ਤੇ ਪੀ.ਐੱਨ.ਜੀ ਪੰਜ ਰੁਪਏ ਤੋਂ ਲੈ ਕੇ 10 ਰੁਪਏ ਤਕ ਸਸਤੀ ਹੋ ਸਕਦੀ ਹੈ। ਕੇਂਦਰੀ ਮੰਤਰੀ ਮੰਡਲ ਨੇ ਵੀਰਵਾਰ ਨੂੰ ਕੁਦਰਤੀ ਗੈਸ ਦੀ ਕੀਮਤ ਨਿਰਧਾਰਿਤ ਕਰਨ ਦੇ ਨਵੇਂ ਫਾਰਮੂਲੇ ਨੂੰ ਮਨਜ਼ੂਰੀ ਦਿੱਤੀ। ਇਸ ਦੇ ਨਾਲ ਹੀ ਸੀ.ਐੱਨ.ਜੀ ਤੇ ਪਾਈਪ ਨਾਲ ਪੂਰਤੀ ਕੀਤੀ ਜਾਣ ਵਾਲੀ ਰਸੋਈ ਗੈਸ ਦੀਆਂ ਕੀਮਤਾਂ ਦੀ ਵੱਧ ਤੋਂ ਵੱਧ ਹੱਦ ਵੀ ਨਿਰਧਾਰਿਤ ਕੀਤੀ ਗਈ ਹੈ।

ਸੂਚਨਾ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੰਤਰੀਮੰਡਲ ਦੀ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੰਤਰੀਮੰਡਲ ਨੇ ਏ.ਪੀ.ਐੱਮ. ਗੈਸ ਲਈ 4 ਡਾਲਰ ਪ੍ਰਤੀ ਐੱਮ.ਐੱਮ.ਬੀ.ਟੀ.ਯੂ. ਦੇ ਅਧਾਰ ‘ਤੇ ਕੀਮਤ ਨੂੰ ਮੰਜ਼ੂਰੀ ਦਿੱਤੀ ਹੈ ਤੇ ਵੱਧ ਤੋਂ ਵੱਧ ਕੀਮਤ  6.5 ਡਾਲਰ ਪ੍ਰਤੀ ਐੱਮ.ਐੱਮ.ਬੀ.ਟੀ.ਯੂ. ਰੱਖਣ ‘ਤੇ ਮੋਹਰ ਲਗਾਈ ਹੈ। ਉਨ੍ਹਾਂ ਦੱਸਿਆ ਕਿ ਏ.ਪੀ.ਐੱਮ. ਗੈਸ ਵਜੋਂ ਜਾਣੀ ਜਾਣ ਵਾਲੀ ਪੁਰਾਣੇ ਖੇਤਰਾਂ ਤੋਂ ਪੈਦਾ ਹੋਣ ਵਾਲੀ ਕੁਦਰਤੀ ਗੈਸ ਨੂੰ ਹੁਣ ਅਮਰੀਕਾ, ਕੈਨੇਡਾ ਤੇ ਰੂਸ ਜਿਹੇ ਦੇਸ਼ਾਂ ਦੀ ਤਰ੍ਹਾਂ ਕੱਚੇ ਤੇਲ ਦੀਆਂ ਕੀਮਤਾਂ ਨਾਲ ਜੋੜਿਆ ਜਾਵੇਗਾ। ਪਹਿਲਾਂ ਇਨ੍ਹਾਂ ਦਾ ਮੁੱਲ ਨਿਰਧਾਰਣ ਗੈਸ ਕੀਮਤਾਂ ਦੇ ਅਧਾਰ ‘ਤੇ ਹੁੰਦਾ ਸੀ।

ਇਸ ਫ਼ੈਸਲੇ ਤੋਂ ਬਾਅਦ ਇਕ ਅਪ੍ਰੈਲ ਤੋਂ ਏ.ਪੀ.ਐੱਸ. ਗੈਸ ਦੀ ਕੀਮਤ ਭਾਰਤੀ ਬਾਸਕੇਟ ਵਿਚ ਕੱਚੇ ਤੇਲ ਦੀ ਕੀਮਤ ਦਾ 10 ਫ਼ੀਸਦੀ ਹੋਵੇਗੀ। ਹਾਲਾਂਕਿ, ਇਹ ਕੀਮਤ 6.5 ਡਾਲਰ ਪ੍ਰਤੀ 10 ਲੱਖ ਬਰਤਾਨਵੀ ਤਾਪ ਇਕਾਈ (ਐੱਮ.ਐੱਮ.ਬੀ.ਟੀ.ਯੂ.) ਤੋਂ ਵੱਧ ਨਹੀਂ ਹੋਵੇਗੀ। ਮੌਜੂਦਾ ਗੈਸ ਕੀਮਤ 8.57 ਡਾਲਰ ਪ੍ਰਤੀ ਐੱਮ.ਐੱਮ.ਬੀ.ਟੀ.ਯੂ. ਹੈ। ਉਨ੍ਹਾਂ ਦੱਸਿਆ ਕਿ ਕੀਮਤਾਂ ਦਾ ਨਿਰਧਾਰਣ ਹਰ ਮਹੀਨੇ ਹੋਵੇਗਾ, ਜਦਕਿ ਹੁਣ ਤਕ ਇਨ੍ਹਾਂ ਦੀ ਸਾਲ ਵਿਚ 2 ਵਾਰ ਸਮੀਖਿਆ ਕੀਤੀ ਜਾਂਦੀ ਸੀ।

Add a Comment

Your email address will not be published. Required fields are marked *