ਇਟਲੀ : 22 ਅਪ੍ਰੈਲ ਨੂੰ ਖਾਲਸਾ ਪੰਥ ਨੂੰ ਸਮਰਪਿਤ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

ਰੋਮ : ਇਟਲੀ ਭਰ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ਼ ਨੂੰ ਪ੍ਰਫੁਲੱਤ ਕਰਨ ਹਿੱਤ ਸਿੱਖ ਸੰਗਤ ਸਾਰਾ ਸਾਲ ਸੇਵਾ ਵਿੱਚ ਰਹਿੰਦੀ ਹੈ। ਇਸ ਕਾਰਜ ਵਿੱਚ ਉਚੇਚਾ ਜ਼ਿਕਰ ਆਉਂਦਾ ਹੈ ਇਟਲੀ ਦੇ ਇਮਿਲੀਆ ਰੋਮਾਨਾ ਸੂਬੇ ਦਾ ਸਭ ਤੋਂ ਪੁਰਾਣਾ ਸਥਾਪਿਤ ਕੀਤਾ ਗਿਆ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ (ਰਿਜੋਇਮਿਲੀਆ) ਦਾ। ਇਸ ਗੁਰਦੁਆਰਾ ਸਾਹਿਬ ਵੱਲੋਂ ਹਰ ਸਾਲ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਇਸ ਵਾਰ ਵੀ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 22 ਅਪ੍ਰੈਲ ਦਿਨ ਸ਼ਨੀਵਾਰ ਨੂੰ 1 ਵਜੇ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਵਿੱਚ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ,ਕੀਰਤਨੀਏ ਤੇ ਕਵੀਸ਼ਰ ਮਹਾਨ ਸਿੱਖ ਦਾ ਲਾਸਾਨੀ ਤੇ ਗੌਰਵਮਈ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਉਣਗੇ। ਜਿਹਨਾਂ ਵਿੱਚ ਗਿਆਨੀ ਸੁਖਵੀਰ ਸਿੰਘ ਭੌਰ ਢਾਡੀ ਜੱਥਾ ਸੰਗਤ ਦੇ ਸਨਮੁੱਖ ਹੋਣਗੇ। ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵੱਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਜਾਣਗੇ।

ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਿਹੜੀ ਪਿਛਲੇ 3 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਇਟਲੀ ਵਿੱਚ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਬਾਣੇ ਨੂੰ ਘਰ-ਘਰ ਪਹੁੰਚਾਉਣ ਲਈ ਦਿਨ-ਰਾਤ ਇੱਕ ਕਰਦੀ ਹੋਈ ਲੋੜਵੰਦ ਤੇ ਬੇਸਹਾਰਾ ਲੋਕਾਂ ਦੀ ਸਹਾਇਤਾ ਲਈ 24 ਘੰਟੇ ਸੇਵਾ ਵਿੱਚ ਰਹਿੰਦੀ ਹੈ ਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਹੁਣ ਤੱਕ 3000 ਤੋਂ ਉਪੱਰ ਯੂਰਪ ਦੀ ਸੰਗਤ ਨੂੰ ਖੰਡੇ ਬਾਟੇ ਦੀ ਪਹੁਲ ਛੱਕਾ ਸਿੰਘ ਸਜਾ ਚੁੱਕੀ ਹੈ।

ਇਟਾਲੀਅਨ ਪੰਜਾਬੀ ਪ੍ਰੈੱਸ ਕੱਲਬ ਨੂੰ ਨਗਰ ਕੀਰਤਨ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ( ਰਿਜੋਇਮਿਲੀਆ) ਦੇ ਪ੍ਰਧਾਨ ਭਾਈ ਜੋਗਿੰਦਰ ਸਿੰਘ, ਉਪ-ਪ੍ਰਧਾਨ ਭਾਈ ਇਕਬਾਲ ਸਿੰਘ ਸੋਢੀ ਤੇ ਭਾਈ ਹਰਦੇਵ ਸਿੰਘ ਨਾਭਾ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਇਸ ਨਗਰ ਕੀਰਤਨ ਵਿੱਚ ਜਿੱਥੇ ਇਟਲੀ ਭਰ ਤੋਂ ਸੰਗਤ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਕਰੇਗੀ ਉੱਥੇ ਇਟਾਲੀਅਨ ਪ੍ਰਸ਼ਾਸ਼ਨ ਅਧਿਕਾਰੀ ਵੀ ਉਚੇਚੇ ਤੌਰ ‘ਤੇ ਹਾਜ਼ਰੀ ਭਰਨਗੇ। ਭਾਰਤ ਦੀ ਧਰਤੀ ਤੋਂ ਉਚੇਚੇ ਤੌਰ ‘ਤੇ ਗਿਆਨੀ ਰਜਿੰਦਰ ਸਿੰਘ ਵੀ ਹਾਜ਼ਰੀ ਭਰਨਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਦਿਵਸ ਮੌਕੇ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਪ੍ਰਬੰਧਕਾਂ ਵੱਲੋਂ ਅਪੀਲ ਹੈ।

Add a Comment

Your email address will not be published. Required fields are marked *