ਮਾਲ ਗੱਡੀ ’ਤੇ ਸੈਲਫੀ ਲੈਣੀ ਪਈ ਮਹਿੰਗੀ ; ਹਾਈ ਵੋਲਟੇਜ ਤਾਰ ਦੀ ਲਪੇਟ ’ਚ ਆ ਕੇ ਨੌਜਵਾਨ ਬੁਰੀ ਤਰ੍ਹਾਂ ਝੁਲਸਿਆ

ਜੈਤੋ – ਰੇਲਵੇ ਸਟੇਸ਼ਨ ਜੈਤੋ ਵਿਖੇ ਪੀਰਖਾਨਾ ਨਜ਼ਦੀਕ ਖੜ੍ਹੀ ਮਾਲ ਗੱਡੀ ਦੇ ਡੱਬੇ ਉੱਪਰ ਚੜ੍ਹ ਕੇ ਨੌਜਵਾਨ ਨੂੰ ਸੈਲਫੀ ਲੈਣੀ ਉਦੋਂ ਬਹੁਤ ਮਹਿੰਗੀ ਪੈ ਗਈ, ਜਦੋਂ ਉਸ ਨੂੰ ਰੇਲਵੇ ਲਈਨਾਂ ਉੱਪਰ ਜਾ ਰਹੀ ਹਾਈ ਵੋਲਟੇਜ ਬਿਜਲੀ ਦੀ ਤਾਰ ਤੋਂ ਜ਼ਬਰਦਸਤ ਕਰੰਟ ਲੱਗ ਗਿਆ ਅਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ। ਕਿਸੇ ਰਾਹਗੀਰ ਨੇ ਇਸ ਘਟਨਾ ਦੀ ਸੂਚਨਾ ਜੈਤੋ ਦੀ ਸਮਾਜ ਸੇਵੀ ਸੰਸਥਾ ਚੜ੍ਹਦੀ ਕਲਾ ਸੇਵਾ ਸੋਸਾਇਟੀ ਗੰਗਸਰ ਜੈਤੋ ਦੇ ਐਂਮਰਜੈਂਸੀ ਨੰਬਰ ’ਤੇ ਦਿੱਤੀ।

ਸੂਚਨਾ ਮਿਲਦਿਆਂ ਹੀ ਚੜ੍ਹਦੀ ਕਲਾ ਸੇਵਾ ਸੋਸਾਇਟੀ ਗੰਗਸਰ ਜੈਤੋ ਦੇ ਪ੍ਰਧਾਨ ਮੀਤ ਸਿੰਘ ਮੀਤਾ, ਚੇਅਰਮੈਨ ਸੰਦੀਪ ਸਿੰਘ, ਸਰਪ੍ਰਸਤ ਗੋਰਾ ਔਲਖ ਤੁਰੰਤ ਹੀ ਐਂਬੂਲੈਂਸ ਲੈ ਕੇ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਅਤੇ ਗੰਭੀਰ ਰੂਪ ’ਚ ਝੁਲਸੇ ਹੋਏ ਨੌਜਵਾਨ ਨੂੰ ਰੇਲਵੇ ਪੁਲਸ ਦੇ ਏ. ਐੱਸ. ਆਈ. ਹਰਜੀਤ ਸਿੰਘ ਅਤੇ ਗੁਰਤੇਜ ਸਿੰਘ ਦੀ ਨਿਗਰਾਨੀ ਹੇਠ ਚੁੱਕ ਕੇ ਸਿਵਲ ਹਸਪਤਾਲ ਜੈਤੋ ਵਿਖੇ ਦਾਖਲ ਕਰਵਾਇਆ ਗਿਆ। ਉੱਥੋਂ ਨੌਜਵਾਨ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਣ ਉਪਰੰਤ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਨੌਜਵਾਨ ਦੀ ਪਛਾਣ ਸੌਰਵ ਕੁਮਾਰ (16) ਸਪੁੱਤਰ ਜੁਗਲ ਤਿਵਾਰੀ ਵਾਸੀ ਰਾਮਪੁਰ, ਜ਼ਿਲਾ ਹਰਦੋਈ (ਯੂ. ਪੀ.) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੌਰਵ ਕੁਮਾਰ ਆਪਣੀ ਭੈਣ ਪ੍ਰਿੰਸੀ ਕੋਲ ਰਹਿੰਦਾ ਸੀ।

Add a Comment

Your email address will not be published. Required fields are marked *