ਤੁਸੀਂ ਹਮੇਸ਼ਾ ਉਹੀ ਕਿਉਂ ਕਹਿੰਦੇ ਹੋ ਜੋ ਭਾਜਪਾ ਕਹਿੰਦੀ ਹੈ: ਰਾਹੁਲ ਗਾਂਧੀ

ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਇਕ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਸ੍ਰੀ ਗਾਂਧੀ ਨੇ ਪੱਤਰਕਾਰ ਦੀ ਝਾੜ-ਝੰਬ ਕਰਦਿਆਂ ਕਿਹਾ, ‘‘ਤੁਸੀਂ ਹਮੇਸ਼ਾ ਉਹੀ ਕਿਉਂ ਕਹਿੰਦੇ ਹੋ ਜੋ ਭਾਜਪਾ ਕਹਿੰਦੀ ਹੈ?’’ ਇਸ ਮਗਰੋਂ ਭਾਰਤੀ ਜਨਤਾ ਪਾਰਟੀ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਮੀਡੀਆ ਉੱਪਰ ਮੁੜ ਤੋਂ ਹਮਲਾ ਕਰਨ ਦਾ ਦੋਸ਼ ਲਗਾਇਆ।

ਇੱਥੇ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਦਾਖ਼ਲ ਹੋ ਰਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਪੱਤਰਕਾਰ ਵੱਲੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਮਾਣਹਾਨੀ ਦੇ ਇਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਖ਼ਿਲਾਫ਼ ਸੋਮਵਾਰ ਨੂੰ ਸੂਰਤ ਦੀ ਇਕ ਅਦਾਲਤ ਵਿੱਚ ਅਪੀਲ ਦਾਇਰ ਕਰਦੇ ਹੋਏ ਵੱਡੀ ਗਿਣਤੀ ਪਾਰਟੀ ਆਗੂਆਂ ਤੇ ਕਾਰਕੁਨਾਂ ਨੂੰ ਸ਼ਾਮਲ ਕਰ ਕੇ ਨਿਆਂ ਪਾਲਿਕਾ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ।

ਇਸ ਸਵਾਲ ’ਤੇ ਗਾਂਧੀ ਮੁੜ ਮੀਡੀਆ ਕੋਲ ਗਏ ਤੇ ਸਵਾਲ ਕੀਤਾ, ‘‘ਤੁਸੀਂ ਹਮੇਸ਼ਾ ਉਹੀ ਕਿਉਂ ਕਹਿੰਦੇ ਹੋ ਜੋ ਭਾਜਪਾ ਕਹਿ ਰਹੀ ਹੈ? ਹਰ ਵਾਰ ਤੁਸੀਂ ਉਹੀ ਕਹਿੰਦੇ ਹੋ ਜੋ ਭਾਜਪਾ ਆਖ ਰਹੀ ਹੁੰਦੀ ਹੈ।’’ ਗਾਂਧੀ ਨੇ ਆਪਣੇ ਦੋਸ਼ਾਂ ਨੂੰ ਦੁਹਰਾਉਂਦੇ ਹੋਏ ਕਿਹਾ, ‘‘ਇਹ ਬਹੁਤ ਹੀ ਆਸਾਨ ਗੱਲ ਹੈ। ਅਡਾਨੀ ਜੀ ਦੀਆਂ ਫ਼ਰਜ਼ੀ ਕੰਪਨੀਆਂ ਵਿੱਚ 20,000 ਕਰੋੜ ਰੁਪਏ ਦਾ ਮਾਲਕ ਕੌਣ? ਇਹ ‘ਬੇਨਾਮੀ’ ਹਨ। ਇਸ ਦਾ ਮਾਲਕ ਕੌਣ ਹੈ? ਬਾਅਦ ਵਿੱਚ ਇਕ ਟਵੀਟ ’ਚ ਗਾਂਧੀ ਨੇ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ’ਤੇ ਸਵਾਲ ਉਠਾਇਆ ਅਤੇ ਪੁੱਛਿਆ ਕਿ ਉਹ ਡਰੇ ਹੋਏ ਕਿਉਂ ਹਨ?


ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਦਿਆਂ ਭਾਜਪਾ ਨੇ ਕਿਹਾ, ‘‘ਦੇਸ਼ ਦੇ ਪੱਛੜੇ ਵਰਗਾਂ ਤੇ ਮੀਡੀਆ ਦਾ ਅਪਮਾਨ ਕਰਨਾ ਰਾਹੁਲ ਗਾਂਧੀ ਦੀ ਮਾਨਸਿਕਤਾ ਹੈ।’’ ਭਾਜਪਾ ਨੇ ਰਾਹੁਲ ਨੂੰ ‘ਹੰਕਾਰੀ ਰਾਜਵੰਸ਼ੀ’ ਵੀ ਕਰਾਰ ਦਿੱਤਾ। ਭਾਜਪਾ ਦੇ ਮੁੱਖ ਤਰਜਮਾਨ ਤੇ ਰਾਜ ਸਭਾ ਮੈਂਬਰ ਅਨਿਲ ਬਲੂਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਅੱਜ ਮੁੜ ਤੋਂ ਲੋਕਤੰਤਰ ਦੇ ਚੌਥੇ ਥੰਮ੍ਹ ’ਤੇ ਹਮਲਾ ਕੀਤਾ ਹੈ। ਉਨ੍ਹਾਂ ਇਕ ਟਵੀਟ ਵਿੱਚ ਕਿਹਾ, ‘‘ਦੇਸ਼ ਦੇ ਪੱਛੜੇ ਵਰਗ ਦਾ ਅਪਮਾਨ, ਮੀਡੀਆ ਦਾ ਅਪਮਾਨ- ਇਹੀ ਰਾਹੁਲ ਗਾਂਧੀ ਦੀ ਮਾਨਸਿਕਤਾ ਹੈ। ਅਜਿਹਾ ਕਰ ਕੇ ਰਾਹੁਲ ਗਾਂਧੀ ਆਪਣੀ ਦਾਦੀ ਦੇ ਕਦਮਾਂ ’ਤੇ ਚੱਲਦੇ ਹੋਏ ਦੇਸ਼ ਦੀ ਲੋਕਤੰਤਰੀ ਵਿਵਸਥਾ ’ਤੇ ਲਗਾਤਾਰ ਹਮਲਾ ਕਰਨ ਦੀ ਹਿੰਮਤ ਕਰ ਰਹੇ ਹਨ।’’

ਭਾਜਪਾ ਦੇ ਕੌਮੀ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, ‘‘ਰਾਹੁਲ ਹੰਕਾਰੀ ਰਾਜਵੰਸ਼ੀ ਹੈ।’’ ਹਾਲ ਹੀ ਵਿੱਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਕ ਪੱਤਰਕਾਰ ਨੂੰ ਤਾੜਨਾ ਕਰਨ ਮਗਰੋਂ ਰਾਹੁਲ ਗਾਂਧੀ ਦੀ ਆਲੋਚਨਾ ਹੋਈ ਸੀ। ‘ਮੋਦੀ ਉਪਨਾਮ’ ਵਾਲੇ ਉਨ੍ਹਾਂ ਦੇ ਬਿਆਨ ਨਾਲ ਹੋਰ ਪੱਛੜੀਆਂ ਸ਼੍ਰੇਣੀਆਂ ਦਾ ਅਪਮਾਨ ਕਰਨ ਦੇ ਭਾਜਪਾ ਦੇ ਦੋਸ਼ਾਂ ਬਾਰੇ ਗਾਂਧੀ ਤੋਂ ਸਵਾਲ ਪੁੱਛਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪ੍ਰੈੱਸ ਕਾਨਫ਼ਰੰਸ ’ਚ ਉਨ੍ਹਾਂ ਕੋਲੋਂ ਦੋ ਵਾਰ ਸਵਾਲ ਪੁੱਛਿਆ ਜਾ ਚੁੱਕਾ ਹੈ। ਰਾਹੁਲ ਨੇ ਪੱਤਰਕਾਰ ’ਤੇ ਭਾਜਪਾ ਲਈ ਕੰਮ ਕਰਨ ਦਾ ਦੋਸ਼ ਲਗਾਇਆ ਸੀ ਅਤੇ ਉਸ ਨੂੰ ਪੱਤਰਕਾਰ ਹੋਣ ਦਾ ਦਿਖਾਵਾ ਨਾ ਕਰਨ ਨਹੀ ਕਿਹਾ ਸੀ।

Add a Comment

Your email address will not be published. Required fields are marked *