ਪਾਕਿਸਤਾਨੀ ਪੱਤਰਕਾਰ ਆਰਜ਼ੂ ਕਾਜ਼ਮੀ ਨੇ ਭਾਰਤ ਛੱਡਣ ‘ਤੇ ਜਤਾਇਆ ਅਫ਼ਸੋਸ

ਅੰਮ੍ਰਿਤਸਰ- ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਆਰਜ਼ੂ ਕਾਜ਼ਮੀ ਇਸ ਸਮੇਂ ਸੁਰਖੀਆਂ ‘ਚ ਹੈ। ਆਰਜ਼ੂ ਕਾਜ਼ਮੀ ਦਾ ਸੋਸ਼ਲ ਮੀਡੀਆ ‘ਤੇ ਇਕ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਟਵੀਟ ‘ਚ ਉਸ ਨੇ ਦੇਸ਼ ਦੀ ਵੰਡ ਵੇਲੇ ਭਾਰਤ ਛੱਡਣ ‘ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਅਸਲ ‘ਚ ਭਾਰਤ ਦੀ ਵਸਨੀਕ ਹੈ, ਪਰ ਉਸ ਦੇ ਦਾਦਾ ਹਿਜ਼ਰਤ ਕਰਕੇ ਪ੍ਰਯਾਗਰਾਜ (ਅਹਿਮਦਾਬਾਦ) ਤੋਂ ਪਾਕਿ ਚਲੇ ਗਏ ਅਤੇ ਉਹ ਉੱਥੇ ਹੀ ਵੱਸ ਗਏ।

ਇਸ ਦੇ ਨਾਲ ਆਰਜ਼ੂ ਨੇ ਟਵੀਟ ‘ਚ ਕਿਹਾ ਕਿ ਪਾਕਿ ‘ਚ ਵਿੱਤੀ ਸੰਕਟ ਤੇ ਅਸਮਾਨ ਛੂਹ ਰਹੀ ਮਹਿੰਗਾਈ ਹੈ। ਸੰਨ 1947 ‘ਚ ਭਾਰਤ ਤੋਂ ਪਾਕਿ ਜਾਣ ਦੇ ਆਪਣੇ ਪੁਰਖਿਆਂ ਦੇ ਫ਼ੈਸਲੇ ‘ਤੇ ਅਫ਼ਸੋਸ ਜ਼ਾਹਿਰ ‘ਚ ਆਰਜ਼ੂ ਨੇ ਕਿਹਾ ਕਿ ਉਸ ਦੇ ਭਰਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਲਗਦਾ ਹੈ ਕਿ ਉਨ੍ਹਾਂ ਦਾ ਪਾਕਿਸਤਾਨ ‘ਚ ਕੋਈ ਭਵਿੱਖ ਨਹੀਂ ਹੈ। ਉਸ ਨੇ ਕਿਹਾ ਕਿ ਮੇਰੇ ਦਾਦਾ ਅਤੇ ਉਨ੍ਹਾਂ ਦਾ ਪਰਿਵਾਰ ਬਿਹਤਰ ਭਵਿੱਖ ਲਈ ਪ੍ਰਯਾਗਰਾਜ ਅਤੇ ਦਿੱਲੀ ਤੋਂ ਪਾਕਿਸਤਾਨ ਆਇਆ ਸੀ, ਪਰ ਉਨ੍ਹਾਂ ਦੇ ਇਸ ਫ਼ੈਸਲੇ ਨੇ ‘ਵਾਟ ਲਗਾ ਦਿੱਤੀ’। ਆਰਜ਼ੂ ਕਾਜ਼ਮੀ ਪਾਕਿਸਤਾਨੀ ਚੈਨਲਾਂ ‘ਤੇ ਕਈ ਵਾਰ ਸਵੀਕਾਰ ਕਰ ਚੁੱਕੀ ਹੈ ਕਿ ਪਾਕਿ ‘ਚ ਹਿੰਦੂ ਕੁੜੀਆਂ ‘ਤੇ ਜ਼ੁਲਮ ਹੁੰਦੇ ਹਨ। ਇਸ ਤੋਂ ਇਲਾਵਾ ਉਹ ਕਈ ਵਾਰ ਪਾਕਿਸਤਾਨੀ ਫ਼ੌਜ ਅਤੇ ਸਰਕਾਰ ਦਾ ਵੀ ਪਰਦਾਫ਼ਾਸ਼ ਕਰ ਚੁੱਕੀ ਹੈ। 

ਜਾਣਕਾਰੀ ਮੁਤਾਬਕ ਆਰਜ਼ੂ ਕਾਜ਼ਮੀ ਬਿਜ਼ਨਸ ਰਿਕਾਰਡਰ, ਪਾਕਿਸਤਾਨ ਟਾਈਮਜ਼, ਫ਼ਰੰਟੀਅਰ ਪੋਸਟ, ਪਾਕਿਸਤਾਨ ਆਬਜ਼ਰਵਰ, ਇੰਡੀਪੈਂਡੈਂਟ ਉਰਦੂ ਆਦਿ ਮੀਡੀਆ ਅਦਾਰਿਆਂ ਲਈ ਫ੍ਰੀਲਾਂਸਰ ਕੰਮ ਕਰ ਰਹੀ ਹੈ। ਉਹ ਅਕਸਰ ਭਾਰਤ-ਪਾਕਿ ਮੁੱਦਿਆਂ ਬਾਰੇ ਭਾਰਤੀ ਮੀਡੀਆ ਬਹਿਸਾਂ ‘ਚ ਵੀ ਵਿਖਾਈ ਦਿੰਦੀ ਹੈ। 

Add a Comment

Your email address will not be published. Required fields are marked *