ਦਲਜੀਤ ਸਿੰਘ ਨਿਊਜ਼ੀਲੈਂਡ ‘ਚ ਬਣੇ SGPC ਦੇ ਅੰਤਰਰਾਸ਼ਟਰੀ ਸਲਾਹਕਾਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਲਜੀਤ ਸਿੰਘ ਨਿਊਜ਼ੀਲੈਂਡ ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਕਮੇਟੀ ਦਾ ਅੰਤਰਰਾਸ਼ਟਰੀ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ। ਬੀਤੇ ਦਿਨੀਂ ਐਡਵੋਕੇਟ ਧਾਮੀ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਇੱਛਾ ਹੈ ਕਿ ਵਿਦੇਸ਼ਾਂ ਵਿਚ ਵੀ ਸਿੱਖ ਭਾਈਚਾਰੇ ਨਾਲ ਸਬੰਧਤ ਕਾਰਜ ਕੀਤੇ ਜਾਣ। ਇਸੇ ਤਹਿਤ ਨਿਊਜ਼ੀਲੈਂਡ ਤੋਂ ਦਲਜੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਸ ਨੂੰ ਐੱਸ.ਜੀ.ਪੀ. ਸੀ. ਦਾ ਅੰਤਰਰਾਸ਼ਟਰੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। 

ਐਡਵੋਕੇਟ ਧਾਮੀ ਨੇ ਕਿਹਾ ਕਿ ਐੱਸ.ਜੀ.ਪੀ.ਸੀ. ਵੱਲੋਂ ਬਣਾਈ ਐੱਨ.ਆਰ. ਆਈ. ਦੀ ਐਡਵਾਇਜ਼ਰੀ ਕਮੇਟੀ ਵਿਚ ਦਲਜੀਤ ਸਿੰਘ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਐਡਵੋਕੇਟ ਧਾਮੀ ਨੇ ਅੱਗੇ ਦੱਸਿਆ ਬਹੁਤ ਸਾਰੇ ਵਿਦੇਸ਼ੀ ਸਿੱਖਾਂ ਨੇ ਕਮੇਟੀ ਨੂੰ ਅਨੇਕਾਂ ਆਫਰਜ਼ ਦਿੱਤੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਬੈਠਕਾਂ ਕੀਤੀਆਂ ਜਾਣਗੀਆਂ ਤੇ ਉਹਨਾਂ ਦੀ ਮਦਦ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖ ਭਾਈਚਾਰੇ ਦੇ ਵਿਕਾਸ ਦੇ ਕੰਮ ਜਾਰੀ ਰੱਖੇ ਜਾਣਗੇ।

ਦਲਜੀਤ ਸਿੰਘ ਨਿਊਜ਼ੀਲੈਂਡ ਸੈਂਟਰਲ ਸਿੱਖ ਐਸ਼ੋਸੀਏਸ਼ਨ ਦੇ ਪ੍ਰਧਾਨ ਹਨ। ਉਹ ਨਿਊਜ਼ੀਲੈਂਡ ਵਿਚ 1989 ਤੋਂ ਰਹਿ ਰਹੇ ਹਨ। ਉਹਨਾਂ ਦਾ ਪਿਛੋਕੜ ਪਿੰਡ ਸੈਫਲਾਬਾਦ, ਕਪੂਰਥਲਾ ਤੋਂ ਹੈ। ਸਾਰੇ ਗੁਰੂ ਘਰਾਂ ਵਲੋਂ ਇਕਸੁਰਤਾ ਨਾਲ ਹੋਏ ਫ਼ੈਸਲੇ ਵਿਚ ਪ੍ਰਧਾਨ ਦੇ ਤੌਰ ‘ਤੇ ਉਹਨਾਂ ਦਾ ਨਾਮ ਪੇਸ਼ ਕੀਤਾ ਗਿਆ ਸੀ। ਦਲਜੀਤ ਸਿੰਘ ਸਿੱਖਾਂ ਦੀ ਸਭ ਤੋ ਵੱਡੀ ਧਾਰਮਿਕ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਪ੍ਰਧਾਨ ਅਤੇ ਹੁਣ ਬੁਲਾਰੇ ਹਨ। ਨਿਊਜ਼ੀਲੈਂਡ ਵਿਚ ਸਿੱਖ ਕੌਮ ਵਲੋਂ ਬਣਾਏ ਸਪੋਰਟਸ ਕੰਪਲੈਕਸ ਵਿਚ ਉਹਨਾਂ ਦਾ ਅਹਿਮ ਰੋਲ ਸੀ। ਇਸ ਵੇਲੇ ਸਿੱਖ ਹੈਰੀਟੇਜ ਸਕੂਲ ਜਿਸ ਵਿਚ 800 ਤੋ ਵੱਧ ਬੱਚੇ ਪੜ੍ਹਦੇ ਹਨ, ਉਸ ਨੂੰ ਚਲਾਉਣ ਵਿਚ ਵੀ ਉਹਨਾਂ ਦਾ ਅਹਿਮ ਯੋਗਦਾਨ ਹੈ। ਸੈਂਟਰਲ ਸਿੱਖ ਐਸੋਸੀਏਸ਼ਨ ਵਲੋਂ ਸਕੱਤਰ ਕਰਮਜੀਤ ਸਿੰਘ ਤਲਵਾਰ ਨੇ ਕਿਹਾ ਕੇ ਉਹ ਸਾਂਝੀ ਸੰਸਥਾ ਵਲੋਂ ਪਾਸ ਕੀਤੇ ਮਤੇ ਉਪਰੰਤ ਸ਼੍ਰੋਮਣੀ ਕਮੇਟੀ ਵਲੋਂ ਦਲਜੀਤ ਸਿੰਘ ਨੂੰ ਸੌਂਪੀ ਇਸ ਜ਼ਿੰਮੇਵਾਰੀ ਲਈ ਖੁਸ਼ੀ ਪ੍ਰਗਟ ਕਰਦੇ ਹਨ।

Add a Comment

Your email address will not be published. Required fields are marked *