ਉੱਘੇ ਆਰਥਿਕ ਮਾਹਿਰ ਅਭਿਜੀਤ ਸੇਨ ਦਾ ਦੇਹਾਂਤ

ਨਵੀਂ ਦਿੱਲੀ, 30 ਅਗਸਤ

ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਪੇਂਡੂ ਅਰਥਚਾਰੇ ਦੇ ਪ੍ਰਮੁੱਖ ਮਾਹਿਰਾਂ ਵਿੱਚੋਂ ਇੱਕ ਅਭਿਜੀਤ ਸੇਨ ਦਾ ਸੋਮਵਾਰ ਰਾਤ ਨੂੰ ਦੇਹਾਂਤ ਹੋ ਗਿਆ। ਉਹ 72 ਸਾਲਾਂ ਦੇ ਸਨ। ਸੇਨ ਦੇ ਭਰਾ ਡਾ. ਪ੍ਰਣਬ ਸੇਨ ਨੇ ਕਿਹਾ,‘ਅਭਿਜੀਤ ਸੇਨ ਨੂੰ ਰਾਤ ਕਰੀਬ 11 ਵਜੇ ਦਿਲ ਦਾ ਦੌਰਾ ਪਿਆ। ਅਸੀਂ ਉਨ੍ਹਾਂ ਨੂੰ ਹਸਪਤਾਲ ਲੈ ਗਏ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।’ ਸੇਨ ਦਾ ਕਰੀਅਰ ਚਾਰ ਦਹਾਕਿਆਂ ਤੋਂ ਵੱਧ ਦਾ ਸੀ। ਉਨ੍ਹਾਂ ਨੇ ਆਕਸਫੋਰਡ, ਕੈਂਬਰਿਜ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਅਰਥ ਸ਼ਾਸਤਰ ਪੜ੍ਹਾਇਆ ਹੈ। ਉਹ ਖੇਤੀਬਾੜੀ ਲਾਗਤਾਂ ਅਤੇ ਕੀਮਤਾਂ ਬਾਰੇ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਸਮੇਤ ਕਈ ਮਹੱਤਵਪੂਰਨ ਸਰਕਾਰੀ ਅਹੁਦਿਆਂ ‘ਤੇ ਵੀ ਰਹੇ। ਸੇਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ 2004 ਤੋਂ 2014 ਤੱਕ ਯੋਜਨਾ ਕਮਿਸ਼ਨ ਦੇ ਮੈਂਬਰ ਸਨ। ਸੇਨ ਨੂੰ 2010 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

Add a Comment

Your email address will not be published. Required fields are marked *