ਸਾਊਥਾਲ ‘ਚ ਖਾਲਸਾ ਸਾਜਨਾ ਦਿਵਸ ਮੌਕੇ ਸਜਾਇਆ ਨਗਰ ਕੀਰਤਨ

ਸਾਊਥਾਲ/ਲੰਡਨ : ਸਾਊਥਾਲ ‘ਚ 324ਵੇਂ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ‘ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਨਾਨਕ ਲੇਵਾ ਸੰਗਤਾਂ ਨੇ ਸ਼ਬਦ ਗੁਰੂ ਨੂੰ ਨਮਸਕਾਰ ਕੀਤੀ। ਜੈਕਾਰਿਆਂ ਦੀ ਗੂੰਜ ਵਿੱਚ ਨਗਰ ਕੀਰਤਨ ਦੀ ਅਰਾਭੰਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੈਵਲੋਕ ਰੋਡ ਤੋਂ ਦੁਪਹਿਰ 12 ਵਜੇ ਦੇ ਕਰੀਬ ਸ਼ੁਰੂ ਹੋਈ।

ਟਰੱਕ ਨੂੰ ਸੋਹਣੇ ਫੁੱਲਾਂ ਨਾਲ ਸਜਾ ਕੇ ਅੰਦਰ ਖੂਬਸੂਰਤ ਪਾਲਕੀ ਸਾਹਿਬ ਵਿੱਚ ਸ਼ਬਦ ਗੁਰੂ ਨੂੰ ਸੁਸ਼ੋਭਿਤ ਕੀਤਾ ਗਿਆ ਤੇ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਸੁਖਜਿੰਦਰ ਸਿੰਘ ਵੱਲੋਂ ਚੌਰ ਸਾਹਿਬ ਦੀ ਸੇਵਾ ਨਿਭਾਈ ਗਈ। ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਸ਼ਬਦ ਗੁਰੂ ‘ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਗਿਆਨੀ ਗੁਰਮਿੰਦਰ ਸਿੰਘ ਨੇ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕੀਤੀ ਅਤੇ ਗੁਰਦੁਆਰਾ ਪਾਰਕ ਐਵੀਨਿਊ ‘ਚ ਦੇਰ ਸ਼ਾਮ ਭਾਈ ਅੰਗਰੇਜ਼ ਸਿੰਘ ਵੱਲੋਂ ਸਮਾਪਤੀ ‘ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। 

ਨਗਰ ਕੀਰਤਨ ਸ਼ਬਦ ਗੁਰੂ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸ਼ੁਰੂ ਹੋਇਆ। ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਅੱਗੇ ਵੱਧਦੀਆਂ ਗਈਆਂ। ਇਸ ਮੌਕੇ ਅਖੰਡ ਕੀਰਤਨੀ ਜਥੇ ਵੱਲੋਂ ਭਾਈ ਪਿਰਥੀਪਾਲ ਸਿੰਘ, ਭਾਈ ਨਾਨਕ ਸਿੰਘ, ਭਾਈ ਸਾਹਿਬ ਸਿੰਘ, ਭਾਈ ਅਮਰਦੀਪ ਸਿੰਘ, ਭਾਈ ਬਲਵਿੰਦਰ ਸਿੰਘ ਪੱਟੀ, ਭਾਈ ਜੁਝਾਰ ਸਿੰਘ, ਭਾਈ ਜਸਬੀਰ ਸਿੰਘ, ਭਾਈ ਰਣਜੀਤ ਸਿੰਘ ਗੰਗਾ ਨਗਰ ਵਾਲਿਆਂ ਨੇ ਰਸਭਿੰਨਾ ਕੀਰਤਨ ਕੀਤਾ।

ਨਗਰ ਕੀਰਤਨ ‘ਚ ਗੁਰਘਰ ਦੇ ਪ੍ਰਬੰਧ ਅਧੀਨ ਬਣੇ ਖਾਲਸਾ ਪ੍ਰਾਇਮਰੀ ਸਕੂਲ ਦੇ ਛੋਟੇ-ਛੋਟੇ ਬੱਚੇ ਵੀ ਤੁਰ ਰਹੇ ਸਨ। ਟਰੱਕ ਤੇ ਨਗਾਰੇ ਵਾਲੇ ਸਿੰਘ ਤੇ ਗਤਕਾ ਪਾਰਟੀ, ਸੰਗਤਾਂ, ਸੜਕ ਸਾਫ਼ ਕਰਦੀਆਂ ਸੰਗਤਾਂ, ਪੰਜ ਨਿਸ਼ਾਨਚੀ, ਪੰਜ ਪਿਆਰੇ, ਉਸ ਤੋਂ ਬਾਅਦ ਪਾਲਕੀ ਦੇ ਪਿੱਛੇ ਹਜ਼ਾਰਾਂ ਸਿੱਖ ਸੰਗਤਾਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੀਆਂ ਤੁਰ ਰਹੀਆਂ ਸਨ। ਯੂਕੇ ‘ਚ ਜੰਮੇ ਬੱਚੇ ਨੀਲੇ, ਚਿੱਟੇ, ਕੇਸਰੀ ਦਸਤਾਰਾਂ ਨਾਲ ਬਾਣੇ ਪਾਈ ਨਿਸ਼ਾਨ ਸਾਹਿਬ ਚੁੱਕ ਕੇ ਨਗਰ ਕੀਰਤਨ ਵਿੱਚ ਮੌਜੂਦ ਸਨ। ਸਿੰਘ ਸਭਾ ਸਾਊਥਾਲ ਦੇ ਨਵੇਂ ਮੁਖੀ ਹਿੰਮਤ ਸਿੰਘ ਸੋਹੀ, ਕੁਲਵੰਤ ਸਿੰਘ ਭਿੰਡਰ, ਡਾ. ਪਰਵਿੰਦਰ ਸਿੰਘ ਗਰਚਾ ਤੇ ਹਰਮੀਤ ਸਿੰਘ ਗਿੱਲ ਨੇ ਸਮੂਹ ਸਿੱਖਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ।

ਇਸ ਮੌਕੇ ਯੂਕੇ ਦੇ ਜੰਮਪਲ ਬੱਚੇ ਗਤਕਾ ਦੇ ਜੌਹਰ ਦਿਖਾ ਰਹੇ ਸਨ। ਸਿੱਖ ਮਿਸ਼ਨਰੀ ਸੁਸਾਇਟੀ ਵੱਲੋਂ ਸਿੱਖ ਧਾਰਮਿਕ ਲਿਟਰੇਚਰ, ਸਿੱਖ ਰਹਿਤ ਮਰਿਯਾਦਾ ਸੰਗਤਾਂ ਨੂੰ ਮੁਫ਼ਤ ਵੰਡਿਆ ਗਿਆ। ਇਸ ਵਾਰ ਨਗਰ ਕੀਰਤਨ ਵਿੱਚ ਰਿਕਾਰਡਤੋੜ ਸੰਗਤਾਂ ਹਾਜ਼ਰ ਹੋਈਆਂ। ਸੰਗਤਾਂ ਵੱਲੋਂ ਥਾਂ-ਥਾਂ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਸ਼ਰਨਬੀਰ ਸੰਘਾ, ਰਵਿੰਦਰ ਸਿੰਘ, ਸਾਬਕਾ ਕੌਂਸਲਰ ਮਨਜੀਤ ਸਿੰਘ, ਸੁਖਪਾਲ ਸਿੰਘ ਜੌਹਲ, ਬਲਜਿੰਦਰ ਸਿੰਘ ਢਿੱਲੋਂ, ਪਰਮਜੀਤ ਸਿੰਘ ਪੰਮੀ ਰੰਧਾਵਾ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ ਘੁਮਾਣ, ਡਾ. ਤਾਰਾ ਸਿੰਘ, ਸੋਹਣ ਸਿੰਘ ਸਮਰਾ, ਜਤਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਸਤਿੰਦਰਪਾਲ ਸਿੰਘ ਮੰਗੂਵਾਲ, ਰਜਿੰਦਰ ਸਿੰਘ, ਸੁੱਖਾ ਸਿੰਘ, ਹਰਜਿੰਦਰ ਸਿੰਘ, ਮਲਕੀਤ ਸਿੰਘ, ਨਰਿੰਦਰ ਸਿੰਘ, ਸਟਾਲਜੀਤ ਸਿੰਘ ਗੋਲਡੀ, ਰਤਨ ਸਿੰਘ, ਰਵਿੰਦਰ ਸਿੰਘ ਸਲੋਹ, ਜਸਪਾਲ ਸਿੰਘ ਸਲੋਹ ਆਦਿ ਨੇ ਸੰਗਤਾਂ ਨੂੰ ਵਿਸਾਖੀ ਦੀ ਵਧਾਈ ਦਿੱਤੀ।

Add a Comment

Your email address will not be published. Required fields are marked *