ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦਾ ਹੋਇਆ ਧਮਾਕੇਦਾਰ ਆਗਾਜ਼

ਮੁੰਬਈ : ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦਾ ਉਦਘਾਟਨ ਸ਼ੁੱਕਰਵਾਰ ਨੂੰ ਦੇਸ਼ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੇ ਨਾਲ-ਨਾਲ ਦੇਸ਼-ਵਿਦੇਸ਼ ਦੇ ਕਲਾਕਾਰਾਂ, ਧਾਰਮਿਕ ਆਗੂਆਂ, ਖੇਡ ਅਤੇ ਕਾਰੋਬਾਰੀ ਹਸਤੀਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਅਤੇ ਉਨ੍ਹਾਂ ਦੀ ਬੇਟੀ ਈਸ਼ਾ ਅੰਬਾਨੀ ਮੇਜ਼ਬਾਨ ਸਨ।

ਲਾਂਚ ਮੌਕੇ ਬੋਲਦਿਆਂ ਨੀਤਾ ਅੰਬਾਨੀ ਨੇ ਕਿਹਾ, “ਸੱਭਿਆਚਾਰਕ ਕੇਂਦਰ ਨੂੰ ਮਿਲ ਰਹੇ ਸਮਰਥਨ ਤੋਂ ਮੈਂ ਬਹੁਤ ਖੁਸ਼ ਹਾਂ। ਇਹ ਦੁਨੀਆ ਦੇ ਸਭ ਤੋਂ ਵਧੀਆ ਸੱਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਹੈ। ਇੱਥੇ ਸਾਰੀਆਂ ਕਲਾਵਾਂ ਅਤੇ ਕਲਾਕਾਰਾਂ ਦਾ ਸੁਆਗਤ ਹੈ। ਇਥੇ ਛੋਟੇ ਕਸਬਿਆਂ ਅਤੇ ਦੂਰ-ਦਰਾਜ ਦੇ ਖੇਤਰਾਂ ਦੇ ਨੌਜਵਾਨਾਂ ਨੂੰ ਆਪਣੀ ਸਿਰਜਣਾਤਮਕਤਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਮਿਲੇਗਾ ਅਤੇ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਮੈਨੂੰ ਉਮੀਦ ਹੈ ਕਿ ਦੁਨੀਆ ਦੇ ਸਭ ਤੋਂ ਵਧੀਆ ਸ਼ੋਅ ਇੱਥੇ ਆਉਣਗੇ।”

ਮੁਕੇਸ਼ ਅੰਬਾਨੀ ਨੇ ਕਿਹਾ ਕਿ ਮੁੰਬਈ ਦੇ ਨਾਲ-ਨਾਲ ਇਹ ਦੇਸ਼ ਲਈ ਕਲਾ ਦੇ ਵੱਡੇ ਕੇਂਦਰ ਵਜੋਂ ਵੀ ਉਭਰੇਗਾ। ਇੱਥੇ ਵੱਡੇ ਸ਼ੋਅ ਆਯੋਜਿਤ ਕੀਤੇ ਜਾ ਸਕਦੇ ਹਨ। ਮੈਨੂੰ ਉਮੀਦ ਹੈ ਕਿ ਭਾਰਤੀ ਆਪਣੀ ਪੂਰੀ ਕਲਾ ਨਾਲ ਅਸਲ ਸ਼ੋਅ ਬਣਾਉਣ ਦੇ ਯੋਗ ਹੋਣਗੇ। ਕਲਚਰਲ ਸੈਂਟਰ ਨੇ ਮਹਿਮਾਨਾਂ ਦੀ ਮਹਿਮਾਨ ਨਿਵਾਜ਼ੀ ਕੀਤੀ। ਭਾਰਤ ਰਤਨ ਸਚਿਨ ਤੇਂਦੁਲਕਰ ਆਪਣੀ ਜਾਣੀ-ਪਛਾਣੀ ਮੁਸਕਾਨ ਨਾਲ ਮੌਜੂਦ ਸਨ। ਓਲੰਪਿਕ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ, ਲਾਅਨ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਐਥਲੀਟ ਦੀਪਾ ਮਲਿਕ ਵੀ ਕਲਾਕਾਰਾਂ ਦਾ ਹੌਸਲਾ ਵਧਾਉਣ ਲਈ ਸੈਂਟਰ ਪੁੱਜੇ।

ਸੁਪਰਸਟਾਰ ਰਜਨੀਕਾਂਤ, ਆਮਿਰ ਖਾਨ, ਰਣਵੀਰ ਸਿੰਘ, ਦੀਪਿਕਾ ਪਾਦੁਕੋਣ, ਪ੍ਰਿਯੰਕ ਚੋਪੜਾ, ਵਰੁਣ ਧਵਨ, ਸੋਨਮ ਕਪੂਰ, ਅਨੁਪਮ ਖੇਰ, ਜਾਵੇਦ ਅਖਤਰ, ਸ਼ਬਾਨਾ ਆਜ਼ਮੀ, ਸੁਨੀਲ ਸ਼ੈੱਟੀ, ਸ਼ਾਹਿਦ ਕਪੂਰ, ਵਿਦਿਆ ਬਾਲਨ, ਆਲੀਆ ਭੱਟ, ਦੀਆ ਮਿਰਜ਼ਾ, ਸ਼ਰਧਾ ਕਪੂਰ, ਸ਼ਰੇਅ ਘੋਸ਼ਾਲ , ਰਾਜੂ ਹਿਰਾਨੀ, ਤੁਸ਼ਾਰ ਕਪੂਰ ਵਰਗੇ ਬਾਲੀਵੁੱਡ ਸਿਤਾਰਿਆਂ ਨੇ ਸ਼ਾਮ ਨੂੰ ਸ਼ਿੰਗਾਰਿਆ। ਕੈਲਾਸ਼ ਖੇਰ ਅਤੇ ਮਾਮੇ ਖਾਨ ਵੀ ਆਪਣੀ ਸੁਰੀਲੀ ਆਵਾਜ਼ ਨਾਲ ਹਾਜ਼ਰ ਸਨ।

ਐਮਾ ਚੈਂਬਰਲੇਨ, ਜੀਜੀ ਹਦੀਦ ਵਰਗੀਆਂ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਮਾਡਲਾਂ ਨੇ ਇਸ ਮੌਕੇ ‘ਤੇ ਸ਼ਿਰਕਤ ਕੀਤੀ। ਦੇਵੇਂਦਰ ਫੜਨਵੀਸ, ਊਧਵ ਠਾਕਰੇ, ਆਦਿਤਿਆ ਠਾਕਰੇ, ਸਮ੍ਰਿਤੀ ਇਰਾਨੀ ਵਰਗੇ ਰਾਜਨੇਤਾ ਵੀ ਪ੍ਰੋਗਰਾਮ ਵਿੱਚ ਮੌਜੂਦ ਸਨ। ਅਧਿਆਤਮਿਕ ਗੁਰੂਆਂ ਜਿਵੇਂ ਸਧਗੁਰੂ ਜੱਗੀ ਵਾਸੂਦੇਵ, ਸਵਾਮੀ ਨਰਾਇਣ ਸੰਪਰਦਾ ਦੇ ਰਾਧਾਨਾਥ ਸਵਾਮੀ, ਰਮੇਸ਼ ਭਾਈ ਓਝਾ, ਸਵਾਮੀ ਗੌਰ ਗੋਪਾਲ ਦਾਸ ਦੀ ਅਲੌਕਿਕ ਮੌਜੂਦਗੀ ਨੇ ਵੀ ਸਰੋਤਿਆਂ ਨੂੰ ਮੋਹ ਲਿਆ।

Add a Comment

Your email address will not be published. Required fields are marked *