ਪੰਜਾਬ ਕਾਂਗਰਸ ਨੇ ‘ਸੰਵਿਧਾਨ ਬਚਾਓ’ ਮੁਹਿੰਮ ਤਹਿਤ ਕੱਢਿਆ ਵਿਸ਼ਾਲ ਪੈਦਲ ਮਾਰਚ

ਜਲੰਧਰ – ਪੰਜਾਬ ਪ੍ਰਦੇਸ਼ ਕਾਂਗਰਸ ਨੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਲੋਕਤੰਤਰ ’ਤੇ ਲਗਾਤਾਰ ਹੋ ਰਹੇ ਹਮਲੇ ਖ਼ਿਲਾਫ਼ ਸਖ਼ਤ ਸੰਘਰਸ਼ ਛੇੜ ਦਿੱਤਾ। ਇਸੇ ਕੜੀ ਵਿਚ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਜਲੰਧਰ ਵਿਚ ਵਿਸ਼ਾਲ ਪੈਦਲ ਮਾਰਚ ਦਾ ਆਯੋਜਨ ਕੀਤਾ ਗਿਆ।

ਇਸ ਮਾਰਚ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਉਪ ਆਗੂ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਰਾਣਾ ਗੁਰਜੀਤ ਸਿੰਘ, ਜ਼ਿਲ੍ਹ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ, ਦਿਹਾਤੀ ਦੇ ਪ੍ਰਧਾਨ ਤੇ ਵਿਧਾਇਕ ਲਾਡੀ ਸ਼ੇਰੋਵਾਲੀਆ, ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਨਕੋਦਰ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਡਾ. ਨਵਜੋਤ ਦਾਹੀਆ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਲੋਕ ਸਭਾ ਦੀ ਉਪ ਚੋਣ ਵਿਚ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ, ਕੈਪਟਨ ਸੰਦੀਪ ਸੰਧੂ, ਵਿਧਾਇਕ ਸੁਖਵਿੰਦਰ ਕੋਟਲੀ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਵੀ ਸ਼ਾਮਲ ਹੋਏ।

ਸਥਾਨਕ ਸ਼੍ਰੀ ਰਾਮ ਚੌਕ ਤੋਂ ਸ਼ੁਰੂ ਹੋਏ ਇਸ ਪੈਦਲ ਮਾਰਚ ਵਿਚ ਕਾਂਗਰਸੀ ਆਗੂ ਜਿਥੇ ਸੰਵਿਧਾਨ ਦੀਆਂ ਕਾਪੀਆਂ ਚੁੱਕੀ ਨਜ਼ਰ ਆਏ, ਉਥੇ ਹੀ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹੱਥਾਂ ਵਿਚ ਝੰਡੇ ਚੁੱਕੀ ਮਹਾਰਿਸ਼ੀ ਵਾਲਮੀਕਿ ਚੌਕ ਤੋਂ ਹੁੰਦੇ ਹੋਏ ਡਾ. ਅੰਬੇਡਕਰ ਚੌਕ ਵਿਚ ਸਥਿਤ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੇ ਸਾਹਮਣੇ ਪੁੱਜੇ, ਜਿਥੇ ਕਾਂਗਰਸੀ ਆਗੂਆਂ ਨੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜੰਮ ਕੇ ਭੰਡਿਆ।

ਰਾਜਾ ਵੜਿੰਗ ਅਤੇ ਹੋਰਨਾਂ ਆਗੂਆਂ ਨੇ ਇਸ ਦੌਰਾਨ ਆਪਣੇ ਸੰਬੋਧਨ ਵਿਚ ਕਿਹਾ ਕਿ ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਗਈ ਬਦਲੇ ਦੀ ਕਾਰਵਾਈ ਦੇ ਵਿਰੋਧ ਵਿਚ ਕਾਂਗਰਸ ਨੇ ਪੂਰੇ ਸੂਬੇ ਵਿਚ ਸੰਘਰਸ਼ ਛੇੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਸੰਵਿਧਾਨ ਬਚਾਓ’ ਨਾਂ ਦੀ ਇਸ ਮੁਹਿੰਮ ਵਿਚ ਲੋਕਾਂ ਨੂੰ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ। ਅੱਜ ਦੇਸ਼ ਵਿਚ ਤਾਨਾਸ਼ਾਹੀ ਚੱਲ ਰਹੀ ਹੈ ਅਤੇ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਰਾਹੁਲ ਗਾਂਧੀ ਨਾਲ ਧੱਕੇਸ਼ਾਹੀ ਕੀਤੀ ਗਈ ਹੈ, ਕਾਂਗਰਸ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਦੇਸ਼ ਭਰ ਵਿਚ ਲੋਕਤੰਤਰ ’ਤੇ ਹੋ ਰਹੇ ਅਜਿਹੇ ਹਮਲੇ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਹਰ ਵਿਧਾਨ ਸਭਾ ਹਲਕੇ ਦੇ ਸਾਰੇ ਵਾਰਡਾਂ ਅਤੇ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ।

Add a Comment

Your email address will not be published. Required fields are marked *