ਕੈਨੇਡਾ ਵੱਲੋਂ ਸਨਮਾਨ ਦੇਣ ਲਈ ਰਹਿਮਾਨ ਨੇ ਕੀਤਾ ਸ਼ੁਕਰੀਆ

ਨਵੀਂ ਦਿੱਲੀ:ਹਾਲ ਹੀ ਵਿੱਚ ਕੈਨੇਡਾ ਦੇ ਸ਼ਹਿਰ ਮਾਰਖਮ ਦੀ ਇੱਕ ਗਲੀ ਦਾ ਨਾਂ ਗਰੈਮੀ ਐਵਾਰਡ ਜੇਤੂ ਸੰਗੀਤਕਾਰ ਏਆਰ ਰਹਿਮਾਨ ਦੇ ਨਾਮ ਉੱਤੇ ਰੱਖਣ ’ਤੇ ਰਹਿਮਾਨ ਨੇ ਸੋਸ਼ਲ ਮੀਡੀਆ ’ਤੇ ਇੱਕ ਧੰਨਵਾਦੀ ਨੋਟ ਸਾਂਝਾ ਕੀਤਾ ਹੈ। ਰਹਿਮਾਨ ਨੇ ਟਵੀਟ ਕੀਤਾ, ‘‘ਗਲੀ ਦਾ ਨਾਮ ‘ਏਆਰਰਹਿਮਾਨ’ ਰੱਖ ਕੇ ਮਾਣ-ਸਨਮਾਨ ਦੇਣ ਲਈ ਸ਼ਹਿਰ ਮਾਰਖਮ ਅਤੇ ਫਰੈਂਕਸਕਾਰਪਿਟੀ ਅਤੇ ਕੈਨੇਡਾ ਵਾਸੀਆਂ ਦਾ ਧੰਨਵਾਦ।’’ ਉਸ ਨੇ ਲਿਖਿਆ, ‘‘ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਇਹ ਨਹੀਂ ਸੋਚਿਆ ਸੀ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ, ਖਾਸ ਕਰਕੇ ਮਾਰਖਮ ਦੇ ਮੇਅਰ ਅਤੇ ਕੌਂਸਲਰਾਂ, ਭਾਰਤੀ ਕੌਂਸਲੇਟ ਜਨਰਲ (ਅਪੂਰਵਾ ਸ੍ਰੀਵਾਸਤਵ) ਤੇ ਕੈਨੇਡਾ ਵਾਸੀਆਂ ਦਾ ।’ ਰਹਿਮਾਨ ਨੇ ਕਿਹਾ, ‘ਏਆਰ ਰਹਿਮਾਨ ਮੇਰਾ ਨਾਮ ਨਹੀਂ ਹੈ। ਇਸ ਦਾ ਅਰਥ ਹੈ ਦਿਆਲੂ। ਸਾਰੇ ਧਰਮਾਂ ਦੇ ਪੈਗੰਬਰਾਂ ਵਿੱਚ ਦਿਆਲਤਾ ਦੀ ਸਾਂਝ ਹੈ ਅਤੇ ਅਸੀਂ ਦਿਆਲਤਾ ਦੇ ਸੇਵਕ ਬਣ ਸਕਦੇ ਹਾਂ। ਇਸ ਲਈ, ਇਹ ਨਾਮ ਕੈਨੇਡਾ ਵਿੱਚ ਰਹਿੰਦੇ ਸਾਰੇ ਲੋਕਾਂ ਲਈ ਸ਼ਾਂਤੀ, ਖੁਸ਼ਹਾਲੀ ਅਤੇ ਸਿਹਤਯਾਬੀ ਲਿਆਵੇ। ਰੱਬ ਤੁਹਾਡਾ ਸਭ ਦਾ ਭਲਾ ਕਰੇ। ਮੈਂ ਇਸ ਪਿਆਰ ਬਦਲੇ ਸਾਰੇ ਭਾਰਤੀ ਭੈਣਾਂ-ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਤਾਂ ਸਮੁੰਦਰ ਵਿੱਚ ਇੱਕ ਛੋਟੀ ਜਿਹੀ ਬੂੰਦ ਦੇ ਬਰਾਬਰ ਹਾਂ। ਮੈਨੂੰ ਲੱਗਦਾ ਹੈ ਕਿ ਇਸ ਨੇ ਮੈਨੂੰ ਹੋਰ ਬਹੁਤ ਕੁਝ ਕਰਨ ਅਤੇ ਪ੍ਰੇਰਨਾਦਾਇਕ ਬਣਨ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਭਾਵੇਂ ਮੈਂ ਥੱਕ ਵੀ ਜਾਵਾਂ ਪਰ ਮੈਂ ਹਮੇਸ਼ਾ ਯਾਦ ਰੱਖਾਂਗਾ ਕਿ ਮੇਰੇ ਕੋਲ ਕਰਨ ਲਈ ਹਾਲੇ ਹੋਰ ਬਹੁਤ ਚੀਜ਼ਾਂ ਹਨ। ਅਜੇ ਮੈਂ ਹੋਰ ਬਹੁਤ ਲੋਕਾਂ ਨਾਲ ਜੁੜਨਾ ਹੈ ਅਤੇ ਹੋਰ ਪੁਲ ਪਾਰ ਕਰਨੇ ਹਨ।’’ ਆਪਣੇ ਤਿੰਨ ਦਹਾਕਿਆਂ ਦੇ ਕਰੀਅਰ ਦੌਰਾਨ ਏਆਰ ਰਹਿਮਾਨ ਨੇ ਕਈ ਨਾਮੀ ਪੁਰਸਕਾਰ ਜਿੱਤੇ ਹਨ।

Add a Comment

Your email address will not be published. Required fields are marked *