ਜਾਸੂਸੀ ਦੇ ਦੋਸ਼ ਹੇਠ ‘ਵਾਲ ਸਟ੍ਰੀਟ ਜਰਨਲ’ ਦਾ ਪੱਤਰਕਾਰ ਗ੍ਰਿਫ਼ਤਾਰ

ਮਾਰਚ, 30 ਮਾਰਚ-: ਰੂਸ ਦੀ ਸੁਰੱਖਿਆ ਏਜੰਸੀ ਨੇ ‘ਵਾਲ ਸਟ੍ਰੀਟ ਜਨਰਲ’ ਦੇ ਇੱਕ ਅਮਰੀਕੀ ਪੱਤਰਕਾਰ ਨੂੰ ਜਾਸੂਸੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਠੰਢੀ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਪੱਤਰਕਾਰ ਨੂੰ ਜਾਸੂਸੀ ਦੇ ਦੋਸ਼ ਹੇਠ ਫੜਿਆ ਗਿਆ ਹੋਵੇ। ਸੰਘੀ ਸੁਰੱਖਿਆ ਸੇਵਾ (ਐੱਫਐੱਸਬੀ) ਅਨੁਸਾਰ ਇਵਾਨ ਗੇਰਸ਼ਕੋਵਿਚ ਨੂੰ ਅੱਜ ਯੇਕਾਤੇਰਿਨਬਰਗ ਦੇ ਯੁਰਾਲ ਸ਼ਹਿਰ ’ਚ ਕਥਿਤ ਤੌਰ ’ਤੇ ਖੁਫੀਆ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦਿਆਂ ਹਿਰਾਸਤ ’ਚ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਯੂਕਰੇਨ ਜੰਗ ਕਾਰਨ ਪੱਛਮੀ ਮੁਲਕਾਂ ਤੇ ਮਾਸਕੋ ਦਰਮਿਆਨ ਵਧ ਰਹੀ ਕੁੜੱਤਣ ਵਿਚਾਲੇ ਕੀਤੀ ਗਈ ਹੈ। ਗੇਰਸ਼ਕੋਵਿਚ ਸਤੰਬਰ 1986 ’ਚ ਯੂਐੱਸ ਨਿਊਜ਼ ਐਂਡ ਵਰਲਡ ਰਿਪੋਰਟ ਦੇ ਮਾਸਕੋ ਤੋਂ ਪੱਤਰਕਾਰ ਨਿਕੋਲਸ ਡੈਨਿਲਾਫ ਦੀ ਗ੍ਰਿਫ਼ਤਾਰੀ ਮਗਰੋਂ ਰੂਸ ’ਚ ਜਾਸੂਸੀ ਦੇ ਦੋਸ਼ ਹੇਠ ਗ੍ਰਿਫ਼ਤਾਰ ਹੋਣ ਵਾਲਾ ਪਹਿਲਾ ਅਮਰੀਕੀ ਰਿਪੋਰਟਰ ਹੈ। ਸੋਵੀਅਤ ਸੰਘ ਦੇ ਸੰਯੁਕਤ ਰਾਸ਼ਟਰ ਮਿਸ਼ਨ ਦੇ ਐੱਫਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਇਕ ਮੁਲਾਜ਼ਮ ਦੀ ਅਦਲਾ-ਬਦਲੀ ’ਚ 20 ਦਿਨ ਬਾਅਦ ਉਸ ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕੀਤਾ ਗਿਆ ਸੀ। ਐੱਫਐੱਸਬੀ ਨੇ ਦੋਸ਼ ਲਾਇਆ ਕਿ ਗੇਰਸ਼ਕੋਵਿਚ ਰੂਸੀ ਫੌਜੀ ਸਨਅਤੀ ਕੰਪਲੈਕਸ ਦੀਆਂ ਗਤੀਵਿਧੀਆਂ ਬਾਰੇ ਖੁਫੀਆ ਜਾਣਕਾਰੀ ਹਾਸਲ ਕਰ ਰਿਹਾ ਸੀ। ਸੁਰੱਖਿਆ ਏਜੰਸੀ ਨੇ ਹਾਲਾਂਕਿ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਗ੍ਰਿਫ਼ਤਾਰੀ ਕਿੱਥੇ ਕੀਤੀ ਗਈ। ਦੋਸ਼ੀ ਪਾਏ ਜਾਣ ’ਤੇ ਗੇਰਸ਼ਕੋਵਿਚ ਨੂੰ 20 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। 

Add a Comment

Your email address will not be published. Required fields are marked *