ਮੂਸੇਵਾਲਾ ਕਤਲ ਕਾਂਡ: ਪਰਿਵਾਰ ਵੱਲੋਂ ਇਨਸਾਫ਼ ਲਈ ਸੜਕਾਂ ’ਤੇ ਉੱਤਰਨ ਦਾ ਸੰਕੇਤ

ਮਾਨਸਾ, 29 ਅਗਸਤ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਤਿੰਨ ਮਹੀਨੇ ਹੋਣ ’ਤੇ ਸਿੱਧੂ ਦੀ ਮਾਂ ਚਰਨ ਕੌਰ ਨੇ ਭਾਵੁਕ ਹੁੰਦਿਆਂ ਆਪਣੇ ਪੁੱਤ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਜਿਸ ਵਿਅਕਤੀ ਨੇ ਪੰਜਾਬੀ ਗਾਇਕ ਦੀ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਜਨਤਕ ਕੀਤੀ ਸੀ, ਉਸ ਨੂੰ ਦੋ ਮਹੀਨਿਆਂ ਬਾਅਦ ਹੀ ਸਰਕਾਰ ਨੇ ਵੱਡੇ ਅਹੁਦੇ ’ਤੇ ਬਿਠਾ ਦਿੱਤਾ ਹੈ। ਇਸੇ ਤਰ੍ਹਾਂ ਸਿੱਧੂ ਦੀ ਮੌਤ ਦਾ ਮਜ਼ਾਕ ਉਡਾਉਣ ਵਾਲੇ ਇੱਕ ਵਿਅਕਤੀ ਨੂੰ ਸਰਕਾਰ ਨੇ ਵਕੀਲਾਂ ਦੇ ਪੈਨਲ ਵਿੱਚ ਸ਼ਾਮਲ ਕੀਤਾ ਹੈ।

ਉਨ੍ਹਾਂ ਪਿੰਡ ਮੂਸਾ ਵਿੱਚ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰਿਵਾਰ ਨੇ ਇਨਸਾਫ਼ ਦੀ ਮੰਗ ਲਈ ਮੋਮਬੱਤੀ ਮਾਰਚ ਕੱਢਿਆ ਸੀ ਪਰ ਸਰਕਾਰ ਨੇ ਸਿੱਧੂ ਦੇ ਕਾਤਲਾਂ ਖ਼ਿਲਾਫ਼ ਬਣਦੀ ਕਾਰਵਾਈ ਯਕੀਨੀ ਬਣਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ। ਮਾਤਾ ਚਰਨ ਕੌਰ ਨੇ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਇਨਸਾਫ਼ ਦੀ ਕੋਈ ਆਸ ਦਿਖਾਈ ਨਾ ਦਿੱਤੀ ਤਾਂ ਸੜਕਾਂ ’ਤੇ ਆ ਕੇ ਕੋਈ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਲਈ ਬਣੇ ਕਾਨੂੰਨਾਂ ਦਾ ਫਾਇਦਾ ਗੈਂਗਸਟਰ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੇ ਪੁੱਤ ਨੂੰ ਦਿੱਤੀ ਸੁਰੱਖਿਆ ਵਾਪਸ ਲੈ ਲਈ ਸੀ, ਜਦਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੂੰ ਸਰਕਾਰੀ ਮਹਿਮਾਨ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਲੜੇਗਾ।

ਅਦਾਲਤ ਵੱਲੋਂ ਗੀਤ ‘ਜਾਂਦੀ ਵਾਰ’ ਰਿਲੀਜ਼ ਕਰਨ ’ਤੇ ਰੋਕ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਅੱਜ ਮਾਨਸਾ ਦੀ ਇੱਕ ਅਦਾਲਤ ਵਿੱਚੋਂ ਗੀਤ ‘‘ਜਾਂਦੀ ਵਾਰ’’ ਨੂੰ ਰਿਲੀਜ਼ ਕਰਨ ’ਤੇ ਵਿੱਚ ਸਟੇਅ ਲੈ ਲਈ ਹੈ। ਇਹ ਸਟੇਅ ਮਾਨਸਾ ਦੀ ਇੱਕ ਸਿਵਲ ਕੋਰਟ ਨੇ 5 ਸਤੰਬਰ ਤੱਕ ਦਿੱਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਸੰਗੀਤਕਾਰ ਸਲੀਮ ਮਰਚੈਂਟ ਨੇ ਗੀਤ 2 ਸਤੰਬਰ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ, ਜਿਸ ਦਾ ਪਰਿਵਾਰ ਨੇ ਵਿਰੋਧ ਕੀਤਾ ਸੀ ਅਤੇ ਅੱਜ ਸਿੱਧੂ ਮੂਸੇਵਾਲਾ ਦੇ ਮੈਨੇਜਰ ਬੰਟੀ ਬੈਂਸ ਨੇ ਮਾਨਸਾ ਦੀ ਅਦਾਲਤ ਤੋਂ ਸਟੇਅ ਹਾਸਲ ਕਰ ਲਿਆ ਹੈ। ਇਸੇ ਦੌਰਾਨ ਸੰਗੀਤਕਾਰ ਸਲੀਮ ਮਰਚੈਂਟ ਨੇ ਕਿਹਾ ਕਿ ਉਹ 2 ਸਤੰਬਰ ਨੂੰ ਗੀਤ ‘‘ਜਾਂਦੀ ਵਾਰ’’ ਰਿਲੀਜ਼ ਨਹੀਂ ਕਰੇਗਾ। ਸਲੀਮ ਮਰਚੈਂਟ ਨੇ ਸੋਸ਼ਲ ਮੀਡੀਆ ’ਤੇ ਪਾਈ ਇੱਕ ਪੋਸਟ ਵਿੱਚ ਕਿਹਾ, ‘‘ਸਿੱਧੂ ਦੇ ਮਾਤਾ-ਪਿਤਾ ਨਹੀਂ ਚਾਹੁੰਦੇ ਕਿ ਹਾਲੇ ਇਹ ਗੀਤ ਰਿਲੀਜ਼ ਕੀਤਾ ਜਾਵੇ। ਸਿੱਧੂ ਦੇ ਮਾਪਿਆਂ ਦੇ ਆਸ਼ੀਰਵਾਦ ਤੋਂ ਬਿਨਾਂ ਇਸ ਗੀਤ ਦੀ ਰਿਲੀਜ਼ ਅਧੂਰੀ ਹੋਵੇਗੀ। ਇਸ ਲਈ ਗੀਤ ਹੁਣ ਸਿੱਧੂ ਦੇ ਮਾਪਿਆਂ ਨਾਲ ਸਲਾਹ ਕਰਕੇ ਹੀ ਰਿਲੀਜ਼ ਕੀਤਾ ਜਾਵੇਗਾ।’’

Add a Comment

Your email address will not be published. Required fields are marked *