ਸੱਟ ਲੱਗਣ ਤੋਂ ਬਾਅਦ ਅਮਿਤਾਭ ਬੱਚਨ ਦੀ ਸਾਹਮਣੇ ਆਈ ਪਹਿਲੀ ਝਲਕ

ਮੁੰਬਈ – 80 ਸਾਲਾ ਮੇਗਾਸਟਾਰ ਅਮਿਤਾਭ ਬੱਚਨ ਦੀ ਲੋਕਪ੍ਰਿਅਤਾ ‘ਚ ਅੱਜ ਵੀ ਕੋਈ ਕਮੀ ਨਹੀਂ ਹੈ। ਬਿੱਗ ਬੀ ਦੀ ਦੇਸ਼-ਵਿਦੇਸ਼ ‘ਚ ਮਜ਼ਬੂਤ ​​ਫੈਨ ਫਾਲੋਇੰਗ ਹੈ, ਜੋ ਅਕਸਰ ਆਪਣੇ ਚਹੇਤੇ ਸਟਾਰ ‘ਤੇ ਪਿਆਰ ਦੀ ਵਰਖਾ ਕਰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਅਮਿਤਾਭ ਬੱਚਨ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਪ੍ਰੇਸ਼ਾਨ ਸਨ। ਹਾਲਾਂਕਿ ਹੁਣ ਉਹ ਹੌਲੀ-ਹੌਲੀ ਠੀਕ ਹੋ ਰਹੇ ਹਨ।

ਹਾਲ ਹੀ ‘ਚ ਅਮਿਤਾਭ ਬੱਚਨ ਦੇ ਕੁਝ ਪ੍ਰਸ਼ੰਸਕ ਉਨ੍ਹਾਂ ਦੀ ਹਾਲਤ ਜਾਣਨ ਲਈ ਉਨ੍ਹਾਂ ਦੀ ਜੁਹੂ ਸਥਿਤ ਰਿਹਾਇਸ਼ ਪਹੁੰਚੇ ਸਨ, ਜਿਨ੍ਹਾਂ ਦੀਆਂ ਤਸਵੀਰਾਂ ਬਿੱਗ ਬੀ ਨੇ ਆਪਣੇ ਬਲਾਗ ‘ਚ ਸ਼ੇਅਰ ਕੀਤੀਆਂ ਹਨ। ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਚ ਅਮਿਤਾਭ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਕੁਝ ਵੱਖਰੇ ਅੰਦਾਜ਼ ‘ਚ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਚਿੱਟੇ ਰੰਗ ਦਾ ਕੁੜਤਾ-ਪਜਾਮਾ ਪਾਇਆ ਸੀ ਅਤੇ ਨਾਲ ਹੀ ਚਿੱਟੇ ਤੇ ਕਾਲੇ ਰੰਗ ਦੀ ਜੈਕੇਟ ਪਾਈ ਸੀ। ਇਸ ਦੌਰਾਨ ਉਨ੍ਹਾਂ ਦੇ ਸੱਜੇ ਹੱਥ ‘ਤੇ ਪੱਟੀ ਬੰਨ੍ਹੀ ਹੋਈ ਨਜ਼ਰ ਆਈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਬਿੱਗ ਬੀ ਨੇ ਲਿਖਿਆ, ”ਮੈਂ ਵੱਡੀ ਗਿਣਤੀ ‘ਚ ਬਜ਼ੁਰਗ, ਬੱਚੇ ਅਤੇ ਹੋਰ ਕਈ ਲੋਕਾਂ ਨੂੰ ਜਲਸਾ ਦੇ ਗੇਟ ‘ਤੇ ਇੰਤਜ਼ਾਰ ਕਰਦੇ ਦੇਖਿਆ। ਪ੍ਰਸ਼ੰਸਕਾਂ ਵੱਲੋਂ ਇੰਨੀ ਦੇਖਭਾਲ ਅਤੇ ਪਿਆਰ ਦੇਖ ਕੇ ਮੈਂ ਖੁਸ਼ ਹਾਂ। ਕੰਮ ਜਾਰੀ ਹੈ… ਐਤਵਾਰ ਨੂੰ ਸਾਰੇ ਪ੍ਰਸ਼ੰਸਕਾਂ ਦਾ ਆਸ਼ੀਰਵਾਦ ਮਿਲਿਆ।’

ਦੱਸਣਯੋਗ ਹੈ ਕਿ ਅਮਿਤਾਭ ਬੱਚਨ ਮਾਰਚ ਦੀ ਸ਼ੁਰੂਆਤ ‘ਚ ਹੈਦਰਾਬਾਦ ‘ਚ ਆਪਣੀ ਆਉਣ ਵਾਲੀ ਫ਼ਿਲਮ ‘ਪ੍ਰੋਜੈਕਟ ਕੇ’ ਦੀ ਸ਼ੂਟਿੰਗ ਕਰ ਰਹੇ ਸਨ, ਜਿੱਥੇ ਸੈੱਟ ‘ਤੇ ਇਕ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਇਸ ਦੌਰਾਨ ਉਨ੍ਹਾਂ ਦੀ ਪਸਲੀ ‘ਤੇ ਸੱਟ ਲੱਗ ਗਈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ।

Add a Comment

Your email address will not be published. Required fields are marked *