ਆਕਾਂਕਸ਼ਾ ਦੂਬੇ ਖ਼ੁਦਕੁਸ਼ੀ ਮਾਮਲੇ ’ਚ ਭੋਜਪੁਰੀ ਗਾਇਕ ਸਮਰ ਸਿੰਘ ’ਤੇ ਮਾਮਲਾ ਦਰਜ

ਮੁੰਬਈ – ਭੋਜਪੁਰੀ ਫ਼ਿਲਮ ਅਦਾਕਾਰਾ ਆਕਾਂਕਸ਼ਾ ਦੂਬੇ ਦੀ ਮੌਤ ਦੇ ਮਾਮਲੇ ’ਚ ਨਵਾਂ ਮੋੜ ਆਇਆ ਹੈ। ਹਾਲ ਹੀ ’ਚ ਵਾਰਾਣਸੀ ਪਹੁੰਚੀ ਅਕਾਂਕਸ਼ਾ ਦੀ ਮਾਂ ਮਧੂ ਦੂਬੇ ਨੇ ਆਪਣੀ ਧੀ ਦੀ ਮੌਤ ਨੂੰ ਖ਼ੁਦਕੁਸ਼ੀ ਨਾ ਮੰਨਦਿਆਂ ਕਤਲ ਕਰਾਰ ਦਿੱਤਾ। ਇੰਨਾ ਹੀ ਨਹੀਂ, ਮਧੂ ਨੇ ਸਿੱਧੇ ਤੌਰ ’ਤੇ ਮਸ਼ਹੂਰ ਭੋਜਪੁਰੀ ਗਾਇਕ ਸਮਰ ਸਿੰਘ ਤੇ ਉਸ ਦੇ ਭਰਾ ਸੰਜੇ ਸਿੰਘ ’ਤੇ ਵੀ ਕਤਲ ਦਾ ਦੋਸ਼ ਲਗਾਇਆ ਹੈ। ਆਕਾਂਕਸ਼ਾ ਦੂਬੇ ਦੀ ਮਾਂ ਨੇ ਇਸ ਦੋਸ਼ ਨੂੰ ਲੈ ਕੇ ਸਾਰਨਾਥ ਥਾਣੇ ’ਚ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਤੇ ਇਨਸਾਫ਼ ਦੀ ਮੰਗ ਕੀਤੀ। ਇਸ ਤੋਂ ਬਾਅਦ ਪੁਲਸ ਨੇ ਸਮਰ ਤੇ ਸੰਜੇ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਕਾਂਕਸ਼ਾ ਦੀ ਮਾਂ ਨੇ ਆਪਣੀ ਧੀ ਦੀ ਮੌਤ ਲਈ ਸਮਰ ਸਿੰਘ ਤੇ ਉਸ ਦੇ ਭਰਾ ਸੰਜੇ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦੇ ਨਾਲ ਹੀ ਦੋਸ਼ ਲਗਾਇਆ ਗਿਆ ਸੀ ਕਿ ਦੋਵਾਂ ਨੇ ਆਕਾਂਕਸ਼ਾ ਦੇ ਪੈਸੇ ਰੋਕ ਲਏ ਸਨ। ਮਧੂ ਨੇ ਕਤਲ ਦਾ ਕਾਰਨ ਦੱਸਿਆ ਕਿ ਦੋਵਾਂ ਨੇ ਆਕਾਂਕਸ਼ਾ ਦੂਬੇ ਦੇ ਕੰਮ ਦੇ ਬਦਲੇ ਕਰੋੜਾਂ ਰੁਪਏ ਨਹੀਂ ਦਿੱਤੇ ਸਨ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਅਕਾਂਕਸ਼ਾ ਦੀ ਮਾਂ ਦਾ ਕਹਿਣਾ ਹੈ ਕਿ ਸਮਰ ਤੇ ਸੰਜੇ ਨੇ ਉਸ ਨੂੰ ਇਸ ਲਈ ਮਾਰਿਆ ਕਿਉਂਕਿ ਉਸ ਨੇ ਪੈਸੇ ਨਹੀਂ ਦੇਣੇ ਸਨ।

ਭੋਜਪੁਰੀ ਸਿਨੇਮਾ ’ਚ ਤੇਜ਼ੀ ਨਾਲ ਬੁਲੰਦੀਆਂ ਨੂੰ ਛੂਹ ਰਹੀ ਤੇ ਕਾਫੀ ਨਾਂ ਕਮਾਉਣ ਵਾਲੀ ਆਕਾਂਕਸ਼ਾ ਦੂਬੇ ਦੀ ਕੁਝ ਦਿਨ ਪਹਿਲਾਂ ਵਾਰਾਨਸੀ ਦੇ ਸਾਰਨਾਥ ਥਾਣਾ ਖੇਤਰ ’ਚ ਹੋਟਲ ਸੋਮੇਂਦਰ ਰੈਜ਼ੀਡੈਂਸੀ ਦੇ ਕਮਰਾ ਨੰਬਰ 105 ’ਚ ਮੌਤ ਹੋ ਗਈ। ਅਕਾਂਕਸ਼ਾ ਦੀ ਲਾਸ਼ ਉਸ ਦੇ ਕਮਰੇ ’ਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਸ਼ੁਰੂ ਤੋਂ ਹੀ ਪੁਲਸ ਇਸ ਮਾਮਲੇ ਨੂੰ ਖ਼ੁਦਕੁਸ਼ੀ ਮੰਨ ਕੇ ਜਾਂਚ ਕਰ ਰਹੀ ਹੈ ਪਰ ਅੱਜ ਇਸ ਹਾਈ ਪ੍ਰੋਫਾਈਲ ਮਾਮਲੇ ’ਚ ਨਵਾਂ ਮੋੜ ਆਇਆ ਹੈ। ਮੁੰਬਈ ਤੋਂ ਪਰਤੀ ਅਕਾਂਕਸ਼ਾ ਦੂਬੇ ਦੀ ਮਾਂ ਮਧੂ ਦੂਬੇ ਨੇ ਇਸ ਨੂੰ ਖ਼ੁਦਕੁਸ਼ੀ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਹੱਤਿਆ ਦਾ ਦੋਸ਼ ਭੋਜਪੁਰੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਮਰ ਸਿੰਘ ਤੇ ਉਸ ਦੇ ਭਰਾ ਸੰਜੇ ਸਿੰਘ ’ਤੇ ਲਗਾਇਆ।

ਮਧੂ ਦੂਬੇ ਨੇ ਦੱਸਿਆ ਕਿ ਪਿਛਲੇ 3 ਸਾਲਾਂ ਤੋਂ ਉਨ੍ਹਾਂ ਦੀ ਧੀ ਭੋਜਪੁਰੀ ਗਾਇਕ ਸਮਰ ਸਿੰਘ ਦੇ ਸੰਪਰਕ ’ਚ ਸੀ। ਇਸ ਦੌਰਾਨ ਸਮਰ ਸਿੰਘ ਨੇ ਉਸ ਨੂੰ ਕਾਫੀ ਕੰਮ ਕਰਵਾਇਆ ਤੇ ਜਿਥੇ ਹਰ ਮਿਊਜ਼ਿਕ ਐਲਬਮ ਲਈ 70,000 ਰੁਪਏ ਦਿੱਤੇ ਜਾਂਦੇ ਹਨ, ਉਥੇ 3 ਸਾਲ ਕੰਮ ਕਰਨ ਦੇ ਬਾਵਜੂਦ ਉਸ ਨੇ ਇਕ ਰੁਪਿਆ ਵੀ ਨਹੀਂ ਦਿੱਤਾ। ਇਸ ਤਰ੍ਹਾਂ ਸਮਰ ਸਿੰਘ ’ਤੇ ਅਕਾਂਕਸ਼ਾ ਦੇ ਕਰੀਬ ਦੋ ਤੋਂ ਤਿੰਨ ਕਰੋੜ ਰੁਪਏ ਬਕਾਇਆ ਹੋ ਗਏ। ਇਸ ਸਬੰਧੀ ਸਮਰ ਦੇ ਭਰਾ ਸੰਜੇ ਸਿੰਘ ਨੇ ਵੀ 21 ਮਾਰਚ ਨੂੰ ਬਸਤੀ ’ਚ ਸ਼ੂਟਿੰਗ ਦੌਰਾਨ ਅਕਾਂਕਸ਼ਾ ਨੂੰ ਧਮਕੀ ਦਿੱਤੀ ਸੀ ਕਿਉਂਕਿ ਆਕਾਂਕਸ਼ਾ ਨੇ ਆਪਣੀ ਨਵੀਂ ਖਰੀਦੀ ਕਾਰ ਦੇ ਸਟੇਟਸ ’ਤੇ ਟਿੱਪਣੀ ਕੀਤੀ ਸੀ ਕਿ ਦੂਜਿਆਂ ਦੇ ਪੈਸਿਆਂ ’ਤੇ ਮਜ਼ਾ ਲਓ। ਇਸ ਤੋਂ ਬਾਅਦ ਸੰਜੇ ਸਿੰਘ ਨੇ ਵੀ ਫੋਨ ਕਰਕੇ ਆਕਾਂਕਸ਼ਾ ਨੂੰ ਗਾਇਬ ਕਰਨ ਦੀ ਧਮਕੀ ਦਿੱਤੀ।

ਅਕਾਂਕਸ਼ਾ ਦੂਬੇ ਦੀ ਮਾਂ ਮਧੂ ਨੇ ਦੱਸਿਆ ਕਿ ਅਕਾਂਕਸ਼ਾ ਨੇ ਉਸ ਨੂੰ ਉਸੇ ਦਿਨ ਫੋਨ ’ਤੇ ਧਮਕੀ ਬਾਰੇ ਦੱਸਿਆ ਸੀ। ਮਧੂ ਨੇ ਸਮਰ ਸਿੰਘ ਤੇ ਅਕਾਂਕਸ਼ਾ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਰਿਸ਼ਤੇ ’ਚ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਵਿਚਾਲੇ ਪਤੀ-ਪਤਨੀ ਜਾਂ ਲਿਵ-ਇਨ ਵਰਗਾ ਕੋਈ ਰਿਸ਼ਤਾ ਨਹੀਂ ਸੀ। ਮਧੂ ਨੇ ਦੱਸਿਆ ਕਿ ਸਮਰ ਸਿੰਘ ਨੇ ਉਸ ਦੀ ਲੜਕੀ ਨਾਲ ਵਿਆਹ ਕਰਵਾਉਣ ਦੀ ਇੱਛਾ ਪ੍ਰਗਟਾਈ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ। ਮਧੂ ਨੇ ਸਪੱਸ਼ਟ ਤੌਰ ’ਤੇ ਦੋਸ਼ ਲਾਇਆ ਕਿ ਉਸ ਦੀ ਧੀ ਦੀ ਹੱਤਿਆ ਕੀਤੀ ਗਈ ਸੀ, ਨਾ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਹੈ। ਇਸ ਲਈ ਉਹ ਆਪਣੀ ਧੀ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕਰੇਗੀ, ਜਦੋਂ ਤੱਕ ਸਮਰ ਸਿੰਘ ਤੇ ਉਸ ਦੇ ਭਰਾ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ। ਉਸ ਨੇ ਇਹ ਵੀ ਦੱਸਿਆ ਕਿ ਸਮਰ ਸਿੰਘ ਅਕਾਂਕਸ਼ਾ ਨੂੰ ਕਿਸੇ ਹੋਰ ਨਾਲ ਕੰਮ ਕਰਨ ਤੋਂ ਰੋਕਦਾ ਸੀ।

ਪੂਰੇ ਮਾਮਲੇ ’ਚ ਅਕਾਂਕਸ਼ਾ ਦੀ ਮਾਂ ਮਧੂ ਦੀ ਸ਼ਿਕਾਇਤ ’ਤੇ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 306 ਤਹਿਤ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਵਾਰਾਣਸੀ ਪੁਲਸ ਕਮਿਸ਼ਨਰੇਟ ਦੇ ਸਾਰਨਾਥ ਦੇ ਏ. ਸੀ. ਪੀ. ਗਿਆਨ ਪ੍ਰਕਾਸ਼ ਰਾਏ ਨੇ ਦੱਸਿਆ ਕਿ ਅਜੇ ਖ਼ੁਦਕੁਸ਼ੀ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਂ ਦੀ ਸ਼ਿਕਾਇਤ ’ਤੇ ਸਮਰ ਸਿੰਘ ਤੇ ਸੰਜੇ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਹੁਣ ਲਾਸ਼ ਦੇ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਹੈ, ਜਿਸ ਤੋਂ ਬਾਅਦ ਹੀ ਗੱਲ ਹੋਰ ਸਪੱਸ਼ਟ ਹੋ ਸਕੇਗੀ।

ਸਮਰ ਸਿੰਘ ਭੋਜਪੁਰੀ ਸਿਨੇਮਾ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਹਨ। ਉਸ ਦੇ ਗੀਤ ਅਕਸਰ ਸੁਪਰਹਿੱਟ ਹੁੰਦੇ ਹਨ। ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਵੀ ਦਿੱਤੀਆਂ ਹਨ। ਮਾਹਿਰਾਂ ਦੀ ਮੰਨੀਏ ਤਾਂ ਅਦਾਕਾਰਾ ਅਕਾਂਕਸ਼ਾ ਨਾਲ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ’ਚ ਸੀ। ਸਮਰ ਰਾਜਨੀਤੀ ਨਾਲ ਵੀ ਜੁੜਿਆ ਹੋਇਆ ਹੈ। ਆਕਾਂਕਸ਼ਾ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ’ਤੇ ਸਮਰ ਨਾਲ ਕਈ ਰੀਲਜ਼ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਮਰ ਨੇ ਹਾਲ ਹੀ ’ਚ ਅਦਾਕਾਰਾ ਦੀ ਤਸਵੀਰ ਆਪਣੇ ਅਕਾਊਂਟ ’ਤੇ ਸਾਂਝੀ ਕਰਕੇ ਉਸ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਸੀ। ਇਸ ਪੋਸਟ ’ਤੇ ਲੋਕਾਂ ਨੇ ਆਕਾਂਕਸ਼ਾ ਦੀ ਮੌਤ ਲਈ ਸਮਰ ਨੂੰ ਜ਼ਿੰਮੇਵਾਰ ਠਹਿਰਾਇਆ।

Add a Comment

Your email address will not be published. Required fields are marked *