ਸਲਮਾਨ ਨੂੰ ਈਮੇਲ ਰਾਹੀਂ ਧਮਕਾਉਣ ਦੇ ਮਾਮਲੇ ’ਚ ਵਿਅਕਤੀ ਰਾਜਸਥਾਨ ਤੋਂ ਗ੍ਰਿਫ਼ਤਾਰ

ਮੁੰਬਈ, 26 ਮਾਰਚ-: ਸੁਪਰਸਟਾਰ ਸਲਮਾਨ ਖਾਨ ਨੂੰ ਧਮਕੀ ਭਰੀ ਈਮੇਲ ਭੇਜਣ ਦੇ ਮਾਮਲੇ ਵਿਚ ਮੁੰਬਈ ਪੁਲੀਸ ਨੇ ਰਾਜਸਥਾਨ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਈਮੇਲ ਸਲਮਾਨ ਦੇ ਇੱਥੇ ਸਥਿਤ ਦਫ਼ਤਰ ਆਈ ਸੀ। ਰਾਜਸਥਾਨ ਦੇ ਇਕ ਨਿਵਾਸੀ ਨੂੰ ਪੁਲੀਸ ਗ੍ਰਿਫ਼ਤਾਰ ਕਰ ਕੇ ਮੁੰਬਈ ਲਿਆਈ ਹੈ। ਬਾਂਦਰਾ ਪੁਲੀਸ ਸਟੇਸ਼ਨ ਦੀ ਟੀਮ ਜਾਂਚ ਲਈ ਰਾਜਸਥਾਨ ਗਈ ਸੀ। ਇਸ ਮਾਮਲੇ ਵਿਚ ਸ਼ਿਕਾਇਤ ਪ੍ਰਸ਼ਾਂਤ ਗੁੰਜਾਲਕਰ ਨੇ ਕੀਤੀ ਹੈ ਜੋ ਕਿ ਸਲਮਾਨ ਦੀ ਬਾਂਦਰਾ ਸਥਿਤ ਰਿਹਾਇਸ਼ ਜਾਂਦੇ ਰਹਿੰਦੇ ਹਨ ਤੇ ਕਲਾਕਾਰਾਂ ਦੀ ਮੈਨੇਜਮੈਂਟ ਨਾਲ ਜੁੜੀ ਕੰਪਨੀ ਚਲਾਉਂਦੇ ਹਨ। ਗੁੰਜਾਲਕਰ ਜਦ ਖਾਨ ਦੇ ਗਲੈਕਸੀ ਅਪਾਰਟਮੈਂਟ ਸਥਿਤ ਦਫ਼ਤਰ ਵਿਚ ਸਨ ਤਾਂ ਉਨ੍ਹਾਂ ਦੇਖਿਆ ਕਿ ‘ਰੋਹਿਤ ਗਰਗ’ ਨਾਂ ਦੀ ਆਈਡੀ ਤੋਂ ਧਮਕੀ ਭਰੀ ਈਮੇਲ ਆਈ ਹੈ। ਈਮੇਲ ਭੇਜਣ ਵਾਲੇ ਨੇ ਲਿਖਿਆ ਸੀ ਕਿ, ‘ਗੋਲਡੀ ਭਾਈ (ਗੈਂਗਸਟਰ ਗੋਲਡੀ ਬਰਾੜ) ਸਲਮਾਨ ਨਾਲ ਆਹਮੋ-ਸਾਹਮਣੇ ਮਸਲਾ ਨਿਬੇੜਨਾ ਚਾਹੁੰਦੇ ਹਨ। ਅਗਲੀ ਵਾਰ ਝਟਕਾ ਦੇਖਣ ਨੂੰ ਮਿਲੇਗਾ।’ ਮਾਮਲੇ ਦੀ ਡੂੰਘਾਈ ਨਾਲ ਤਕਨੀਕੀ ਜਾਂਚ ਤੋਂ ਬਾਅਦ ਪੁਲੀਸ ਨੂੰ ਮੁਲਜ਼ਮ ਦੇ ਟਿਕਾਣੇ ਬਾਰੇ ਪਤਾ ਲੱਗਾ ਸੀ ਤੇ ਇਕ ਟੀਮ ਰਾਜਸਥਾਨ ਗਈ ਸੀ। ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਮੁੰਬਈ ਪੁਲੀਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ।

Add a Comment

Your email address will not be published. Required fields are marked *