ਰਾਮ ਚਰਨ ਨੇ ਫਿਲਮ ਦੇ ਸੈੱਟ ’ਤੇ ਮਨਾਇਆ ਜਨਮ ਦਿਨ

ਮੁੰਬਈ:ਅਦਾਕਾਰ ਰਾਮ ਚਰਨ 27 ਮਾਰਚ ਨੂੰ 38 ਵਰ੍ਹਿਆਂ ਦਾ ਹੋਣ ਜਾ ਰਿਹਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਅਦਾਕਾਰ ਨੇ ਆਪਣੀ ਫਿਲਮ ਦੇ ਸੈੱਟ ’ਤੇ ਜਨਮ ਦਿਨ ਦਾ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਫਿਲਮ ਦੀ ਅਦਾਕਾਰਾ ਕਿਆਰਾ ਅਡਵਾਨੀ ਤੇ ਫਿਲਮ ਦਾ ਬਾਕੀ ਅਮਲਾ ਵੀ ਹਾਜ਼ਰ ਸੀ। ਇਸ ਤੋਂ ਪਹਿਲਾਂ ਬੀਤੇ ਦਿਨ ਵੀ ਫਿਲਮ ਦੇ ਸੈੱਟ ’ਤੇ ਰਾਮ ਚਰਨ ਦਾ ਜਨਮ ਦਿਨ ਮਨਾਇਆ ਗਿਆ ਸੀ। ਇਸ ਮੌਕੇ ਕਿਆਰਾ ਅਡਵਾਨੀ, ਨਿਰਦੇਸ਼ਕ ਐੱਸ ਸ਼ੰਕਰ ਤੇ ਕੋਰੀਓਗ੍ਰਾਫਰ ਤੇ ਅਦਾਕਾਰ ਪ੍ਰਭੂ ਦੇਵਾ ਵੀ ਮੌਜੂਦ ਸਨ। ਕੇਕ ਕੱਟਣ ਮੌਕੇ ਅਦਾਕਾਰ ’ਤੇ ਗੁਲਾਬ ਦੀਆਂ ਪੰਖੜੀਆਂ ਦਾ ਮੀਂਹ ਵਰ੍ਹਾਇਆ ਗਿਆ ਸੀ। ਇਸ ਜਸ਼ਨ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿੱਚ ਅਦਾਕਾਰ ਨੇ ਨੀਲੇ ਰੰਗ ਦੀ ਸ਼ਰਟ ਤੇ ਪੈਂਟ ਨਾਲ ਕਾਲੇ ਰੰਗ ਦਾ ਚਸ਼ਮਾ ਲਾਇਆ ਹੋਇਆ ਹੈ। ਕਿਆਰਾ ਨੇ ਇਸ ਮੌਕੇ ਸਫ਼ੇਦ ਰੰਗ ਦੀ ਟੌਪ ਤੇ ਨੀਲੇ ਰੰਗ ਦੀ ਜੀਨਜ਼ ਪਾਈ ਹੋਈ ਹੈ। ਜ਼ਿਕਰਯੋਗ ਹੈ ਕਿ ਅਦਾਕਾਰ ਦੀ ਨਵੀਂ ਫਿਲਮ ਅਜੋਕੇ ਸਮੇਂ ਦੇ ਸਿਆਸੀ ਹਾਲਾਤ ’ਤੇ ਆਧਾਰਿਤ ਹੈ। ਇਹ ਫਿਲਮ ਤਿੰਨ ਭਾਸ਼ਾਵਾਂ- ਤੇਲਗੂ, ਤਾਮਿਲ ਤੇ ਹਿੰਦੀ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਵਿੱਚ ਐੱਸਜੇ ਸੂਰਿਆ, ਜਯਾਰਾਮ, ਅੰਜਲੀ ਤੇ ਸ੍ਰੀਕਾਂਤ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

Add a Comment

Your email address will not be published. Required fields are marked *