ਗਾਵਸਕਰ ਨੇ ਵਿਸ਼ਵ ਕੱਪ ਤੋਂ ਪਹਿਲਾਂ ਕੀਤਾ ਸਾਵਧਾਨ, IPL ਆ ਰਿਹੈ ਪਰ ਆਸਟਰੇਲੀਆ ਤੋਂ ਹਾਰ ਨਹੀਂ ਭੁੱਲਣੀ ਚਾਹੀਦੀ

ਨਵੀਂ ਦਿੱਲੀ – ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੇ ਕਿਹਾ ਕਿ ਭਾਰਤੀ ਟੀਮ ਨੂੰ 31 ਮਾਰਚ ਤੋਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸ਼ੁਰੂ ਹੋਣ ਦੇ ਉਤਸ਼ਾਹ ਵਿਚ ਆਸਟਰੇਲੀਆ ਖਿਲਾਫ ਵਨ-ਡੇ ਸੀਰੀਜ਼ ਵਿਚ ਮਿਲੀ ਹਾਰ ਨੂੰ ਭੁੱਲਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਹੈ। ਭਾਰਤ ਨੂੰ ਬੁੱਧਵਾਰ ਨੂੰ ਚੇਨਈ ‘ਚ ਤੀਜੇ ਅਤੇ ਆਖਰੀ ਵਨਡੇ ‘ਚ 21 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸ ਨੇ ਆਸਟ੍ਰੇਲੀਆ ਤੋਂ ਸੀਰੀਜ਼ 1-2 ਗਵਾ ਦਿੱਤੀ। ਮਹਾਨ ਬੱਲੇਬਾਜ਼ ਗਾਵਸਕਰ ਨੇ ਕਿਹਾ ਕਿ ਰੋਹਿਤ ਸ਼ਰਮਾ ਦੇ ਖਿਡਾਰੀ ਅਕਤੂਬਰ-ਨਵੰਬਰ ‘ਚ ਦੇਸ਼ ਦੀ ਮੇਜ਼ਬਾਨੀ ‘ਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ‘ਚ ਇਸੇ ਵਿਰੋਧੀ ਦਾ ਸਾਹਮਣਾ ਕਰ ਸਕਦੇ ਹਨ।

ਗਾਵਸਕਰ ਨੇ ਕਿਹਾ,‘‘ਯਕੀਨੀ ਰੂਪ ਨਾਲ ਹੁਣ ਆਈ. ਪੀ. ਐੱਲ. (31 ਮਾਰਚ ਤੋਂ) ਸ਼ੁਰੂ ਹੋ ਰਿਹਾ ਹੈ। ਇਸ ਨੂੰ (ਸੀਰੀਜ਼ ਦੀ ਹਾਰ ਨੂੰ) ਭੁੱਲਣਾ ਨਹੀਂ ਚਾਹੀਦਾ ਹੈ। ਭਾਰਤ ਕਦੇ-ਕਦੇ ਇਸ ਨੂੰ ਭੁੱਲਣ ਦੀ ਗਲਤੀ ਕਰ ਸਕਦਾ ਹੈ ਪਰ ਕਿਸੇ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਵਿਸ਼ਵ ਕੱਪ ਵਿਚ ਅਸੀਂ ਫਿਰ ਆਸਟਰੇਲੀਆ ਨਾਲ ਭਿੜ ਸਕਦੇ ਹਾਂ।’’ ਉਨ੍ਹਾਂ ਕਿਹਾ, ‘ਇਹ (ਤੀਜੇ ਵਨਡੇ ਵਿੱਚ ਹਾਰ) ਆਸਟਰੇਲੀਆਈ ਖਿਡਾਰੀਆਂ ਵੱਲੋਂ ਬਣਾਏ ਦਬਾਅ ਕਾਰਨ ਮਿਲੀ ਹੈ। ਬਾਊਂਡਰੀ ਲਗਣਾ ਬੰਦ ਹੋ ਗਿਆ ਸੀ ਅਤੇ ਉਹ (ਭਾਰਤੀ ਬੱਲੇਬਾਜ਼) ਇਕ ਵੀ ਦੌੜ ਨਹੀਂ ਬਣਾ ਪਾ ਰਹੇ ਸਨ। ਜਦੋਂ ਅਜਿਹਾ ਹੁੰਦਾ ਹੈ, ਤੁਸੀਂ ਕੁਝ ਅਜਿਹਾ ਖੇਡਣ ਦੀ ਕੋਸ਼ਿਸ਼ ਕਰਦੇ ਹੋ ਜਿਸਦੀ ਤੁਹਾਨੂੰ ਆਦਤ ਨਹੀਂ ਹੁੰਦੀ ਹੈ। ਉਨ੍ਹਾਂ ਇਸੇ ਚੀਜ਼ ਨੂੰ ਦੇਖਣਾ ਹੋਵੇਗਾ।’

Add a Comment

Your email address will not be published. Required fields are marked *