‘ਪਰਿਣੀਤਾ’ ਫ਼ਿਲਮ ਦੇ ਡਾਇਰੈਕਟਰ ਪ੍ਰਦੀਪ ਸਰਕਾਰ ਦਾ 67 ਸਾਲ ਦੀ ਉਮਰ ’ਚ ਦਿਹਾਂਤ

ਮੁੰਬਈ – ਸਤੀਸ਼ ਕੌਸ਼ਿਕ ਦੇ ਦਿਹਾਂਤ ਤੋਂ ਬਾਲੀਵੁੱਡ ਇੰਡਸਟਰੀ ਅਜੇ ਤਕ ਸੰਭਲ ਨਹੀਂ ਸਕੀ ਤੇ ਹੁਣ ਮਸ਼ਹੂਰ ਨਿਰਦੇਸ਼ਕ ਪ੍ਰਦੀਪ ਸਰਕਾਰ ਦਾ ਦਿਹਾਂਤ ਹੋ ਗਿਆ ਹੈ। ਨਿਰਦੇਸ਼ਕ ਹੰਸਲ ਮਹਿਤਾ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। 67 ਸਾਲ ਦੀ ਉਮਰ ’ਚ ਉਹ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਮਨੋਜ ਬਾਜਪਾਈ ਨੇ ਵੀ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਜਤਾਇਆ ਹੈ। ਦੱਸ ਦੇਈਏ ਕਿ ਪ੍ਰਦੀਪ ਸਰਕਾਰ ਨੇ ਆਪਣੇ ਨਿਰਦੇਸ਼ਕ ਕਰੀਅਰ ਦੀ ਸ਼ੁਰੂਆਤ ਸੈਫ ਅਲੀ ਖ਼ਾਨ ਤੇ ਵਿਦਿਆ ਬਾਲਨ ਦੀ ਫ਼ਿਲਮ ‘ਪਰਿਣੀਤਾ’ ਨਾਲ ਕੀਤੀ ਸੀ।

ਪ੍ਰਦੀਪ ਸਰਕਾਰ ਤੇ ਹੰਸਲ ਮਹਿਤਾ ਬਹੁਤ ਚੰਗੇ ਦੋਸਤ ਹਨ। ਨਿਰਦੇਸ਼ਕ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਕਰੀਬੀ ਦੋਸਤ ਹੰਸਲ ਮਹਿਤਾ ਨੇ ਕੀਤੀ ਹੈ। ਖ਼ਬਰਾਂ ਮੁਤਾਬਕ ਪ੍ਰਦੀਪ ਨੇ ਸਵੇਰੇ 3.30 ਵਜੇ ਆਖਰੀ ਸਾਹ ਲਿਆ। ਰਿਪੋਰਟਾਂ ਅਨੁਸਾਰ ਉਹ ਡਾਇਲਸਿਸ ’ਤੇ ਸਨ ਤੇ ਉਨ੍ਹਾਂ ਦਾ ਪੋਟਾਸ਼ੀਅਮ ਦਾ ਪੱਧਰ ਘੱਟ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਇਰੈਕਟਰ ਦੀ ਮੌਤ ਹੋ ਗਈ।

ਪ੍ਰਦੀਪ ਸਰਕਾਰ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਸਾਲ 2005 ’ਚ ਉਨ੍ਹਾਂ ਨੇ ‘ਪਰਿਣੀਤਾ’ ਨਾਲ ਨਿਰਦੇਸ਼ਨ ਦੀ ਦੁਨੀਆ ’ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਲਾਗਾ ਚੁਨਰੀ ਮੇਂ ਦਾਗ’, ‘ਲਫੰਗੇ ਪਰਿੰਦੇ’, ‘ਮਰਦਾਨੀ’ ਤੇ ‘ਹੈਲੀਕਾਪਟਰ ਈਲਾ’ ਫ਼ਿਲਮਾਂ ਦਾ ਸਫਲਤਾਪੂਰਵਕ ਨਿਰਦੇਸ਼ਨ ਕੀਤਾ।

ਨਿਰਦੇਸ਼ਕ ਨੂੰ ਉਸ ਦੇ ਕੰਮ ਲਈ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਪ੍ਰਦੀਪ ਨੂੰ ਫ਼ਿਲਮਫੇਅਰ ਐਵਾਰਡ ਤੇ ਜ਼ੀ ਸਿਨੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੀ ਮੌਤ ’ਤੇ ਬਾਲੀਵੁੱਡ ਬਹੁਤ ਦੁਖੀ ਹੈ।

Add a Comment

Your email address will not be published. Required fields are marked *