ਕੈਨੇਡਾ ‘ਚ ਖਾਲਿਸਤਾਨੀ ਸਮਰਥਕਾਂ ਨੇ ਤੋੜਿਆ ਮਹਾਤਮਾ ਗਾਂਧੀ ਦਾ ਬੁੱਤ

ਓਂਟਾਰੀਓ : ਖਾਲਿਸਤਾਨ ਸਮਰਥਕਾਂ ਵੱਲੋਂ ਇੱਕ ਤੋਂ ਬਾਅਦ ਇੱਕ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੁਣ ਕੈਨੇਡਾ ਦੇ ਓਂਟਾਰੀਓ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੀ ਗਈ ਹੈ। ਇਸ ਬੁੱਤ ‘ਤੇ ਖਾਲਿਸਤਾਨ ਦੇ ਸਮਰਥਨ ਵਾਲੇ ਨਾਅਰੇ ਅਤੇ ਭਾਰਤ ਵਿਰੋਧੀ ਸ਼ਬਦ ਲਿਖੇ ਗਏ ਹਨ। ਇਸ ਤੋਂ ਪਹਿਲਾਂ ਵੀ ਓਂਟਾਰੀਓ ਵਿੱਚ ਅਜਿਹੀ ਹੀ ਘਟਨਾ ਵਾਪਰੀ ਸੀ। ਉਸ ਸਮੇਂ ਓਂਟਾਰੀਓ ਦੇ ਰਿਚਮੰਡ ਹਿੱਲ ਸਿਟੀ ਵਿੱਚ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।

ਵੀਰਵਾਰ ਤੜਕੇ ਹੈਮਿਲਟਨ ਟਾਊਨ ਦੇ ਸਿਟੀ ਹਾਲ ਵਿਖੇ ਬਾਪੂ ਦੇ ਬੁੱਤ ਦੀ ਭੰਨਤੋੜ ਕੀਤੀ ਗਈ | ਬੁੱਤ ‘ਚ ਬਾਪੂ ਜੀ, ਜਿਸ ਡੰਡੇ ਨੂੰ ਫੜੇ ਹੋਏ ਹਨ ਉਸ ‘ਤੇ ਖਾਲਿਸਤਾਨ ਦਾ ਝੰਡਾ ਲੱਗਾ ਦਿੱਤਾ ਗਿਆ। ਇਹ ਬੁੱਤ ਛੇ ਫੁੱਟ ਉੱਚਾ ਹੈ ਅਤੇ ਸਾਲ 2012 ਤੋਂ ਇਸ ਸਥਾਨ ‘ਤੇ ਸਥਾਪਿਤ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੁੱਤ ਭਾਰਤ ਸਰਕਾਰ ਨੇ ਤੋਹਫ਼ੇ ਵਜੋਂ ਦਿੱਤਾ ਸੀ। ਜ਼ਿਕਰਯੋਗ ਹੈ ਕਿ 30 ਜਨਵਰੀ ਨੂੰ ਕੈਨੇਡਾ ਦੇ ਬਰੈਂਪਟਨ ਸਥਿਤ ਗੌਰੀ ਸ਼ੰਕਰ ਮੰਦਰ ‘ਤੇ ਹਮਲਾ ਹੋਇਆ ਸੀ। ਮੰਦਰ ਦੀਆਂ ਕੰਧਾਂ ‘ਤੇ ‘ਖਾਲਿਸਤਾਨ ਜ਼ਿੰਦਾਬਾਦ, ਹਿੰਦੁਸਤਾਨ ਮੁਰਦਾਬਾਦ’ ਦੇ ਨਾਅਰੇ ਲਿਖੇ ਹੋਏ ਸਨ। ਇਸ ਘਟਨਾ ਮਗਰੋਂ ਇੱਥੇ ਵੱਸਦੇ ਭਾਰਤੀ ਭਾਈਚਾਰੇ ਵਿੱਚ ਭਾਰੀ ਰੋਸ ਸੀ। ਇਸ ਸਾਲ ਫਰਵਰੀ ‘ਚ ਕੈਨੇਡਾ ਦੇ ਮਿਸੀਸਾਗਾ ‘ਚ ਰਾਮ ਮੰਦਰ ‘ਤੇ ਹਿੰਦੂ ਵਿਰੋਧੀ ਅਤੇ ਭਾਰਤ ਵਿਰੋਧੀ ਗੱਲਾਂ ਲਿਖਣ ‘ਤੇ ਭਾਰਤ ਸਰਕਾਰ ਨੇ ਨਾਰਾਜ਼ਗੀ ਪ੍ਰਗਟਾਈ ਸੀ।

ਜੁਲਾਈ 2022 ਵਿੱਚ ਵੀ ਅਜਿਹੀ ਘਟਨਾ ਵਾਪਰੀ ਸੀ। ਉਸ ਸਮੇਂ ਰਿਚਮੰਡ ਹਿੱਲ ਸਥਿਤ ਵਿਸ਼ਨੂੰ ਮੰਦਰ ਵਿੱਚ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਦੀ ਬੇਅਦਬੀ ਕੀਤੀ ਗਈ ਸੀ। ਉਸ ਘਟਨਾ ਵਿੱਚ ਵੀ ਖਾਲਿਸਤਾਨ ਸਮਰਥਕਾਂ ਦਾ ਹੱਥ ਦੱਸਿਆ ਗਿਆ ਸੀ। ਉਸ ਕੇਸ ਦੀ ਜਾਂਚ ਨਫ਼ਰਤੀ ਅਪਰਾਧ ਦੇ ਤਹਿਤ ਕੀਤੀ ਗਈ ਸੀ। ਉਸ ਘਟਨਾ ‘ਤੇ ਭਾਰਤ ਸਰਕਾਰ ਵੀ ਬਹੁਤ ਨਾਰਾਜ਼ ਸੀ। ਫਿਲਹਾਲ ਇਸ ਪੂਰੀ ਘਟਨਾ ‘ਤੇ ਦੋਵਾਂ ਦੇਸ਼ਾਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

Add a Comment

Your email address will not be published. Required fields are marked *