ਸੂਨਕ ਨੇ ਜਨਤਕ ਕੀਤੇ ਆਮਦਨ ਕਰ ਰਿਟਰਨ ਦੇ ਵੇਰਵੇ
ਲੰਡਨ, 23 ਮਾਰਚ-: ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਆਪਣੇ ਟੈਕਸ ਰਿਟਰਨ ਦੇ ਵੇਰਵੇ ਜਨਤਕ ਕੀਤੇ ਹਨ ਜਿਨ੍ਹਾਂ ਅਨੁਸਾਰ 2019 ’ਚ ਸਰਗਰਮ ਰਾਜਨੀਤੀ ’ਚ ਆਉਣ ਮਗਰੋਂ ਉਨ੍ਹਾਂ 10 ਲੱਖ ਪੌਂਡ ਤੋਂ ਵੱਧ ਟੈਕਸ ਭਰਿਆ ਹੈ। ਜ਼ਿਕਰਯੋਗ ਹੈ ਕਿ ਸੂਨਕ ਨੇ ਪਿਛਲੇ ਸਾਲ ਨਵੰਬਰ ’ਚ ਸ਼ਾਸਨ ’ਚ ਪਾਰਦਰਸ਼ਤਾ ਦਾ ਵਾਅਦਾ ਕੀਤਾ ਸੀ ਜਿਸ ਤਹਿਤ ਇਹ ਜਾਣਕਾਰੀ ਜਨਤਕ ਕੀਤੀ ਗਈ ਹੈ।
ਬਰਤਾਨੀਆ ਦੇ ਸਭ ਤੋਂ ਅਮੀਰ ਸਿਆਸੀ ਆਗੂਆਂ ’ਚ ਸ਼ਾਮਲ ਸੂਨਕ ਵੱਲੋਂ ਜਨਤਕ ਕੀਤੀ ਗਈ ਜਾਣਕਾਰੀ ਅਨੁਸਾਰ ਸਾਲ 2019 ਤੋਂ 2022 ਵਿਚਾਲੇ ਉਨ੍ਹਾਂ ਦੀ ਆਮਦਨ 47.66 ਲੱਖ ਬ੍ਰਿਟੇਨ ਪੌਂਡ (ਜੀਬੀਪੀ) (ਤਕਰੀਬਨ 48.16 ਕਰੋੜ ਰੁਪਏ) ਰਹੀ ਹੈ ਅਤੇ ਉਨ੍ਹਾਂ ਕਰੀਬ 22 ਫੀਸਦ ਦੀ ਦਰ ਨਾਲ ਤਕਰੀਬਨ 10.53 ਲੱਖ ਜੀਬੀਪੀ (ਤਕਰੀਬਨ 10.64 ਲੱਖ ਕਰੋੜ ਰੁਪਏ) ਟੈਕਸ ਭਰਿਆ ਹੈ। ਦੂਜੇ ਪਾਸੇ ਵਿੱਤ ਮੰਤਰੀ ਰਹਿੰਦਿਆਂ ਵੀ 42 ਸਾਲਾ ਨੇਤਾ ਨੇ ਪੂੰਜੀਗਤ ਲਾਭ ’ਤੇ 3,25,826 ਜੀਬੀਪੀ ਟੈਕਸ ਭਰਿਆ ਹੈ ਅਤੇ 19 ਲੱਖ ਜੀਬੀਪੀ ਦੀ ਆਮਦਨ ’ਤੇ 1,20,604 ਪੌਂਡ ਆਮਦਨ ਕਰ ਭਰਿਆ ਹੈ।
ਬੀਤੇ ਦਿਨ ਨਾਰਥ ਵੇਲਜ਼ ਦੀ ਯਾਤਰਾ ਦੌਰਾਨ ਸੂਨਕ ਨੇ ਕਿਹਾ, ‘ਮੈਂ ਪਾਰਦਰਸ਼ਤਾ ਦੇ ਲਿਹਾਜ਼ ਨਾਲ ਆਪਣੇ ਟੈਕਸ ਦੀ ਜਾਣਕਾਰੀ ਜਨਤਕ ਕੀਤੀ ਹੈ ਜਿਵੇਂ ਮੈਂ ਕਰਨ ਬਾਰੇ ਕਿਹਾ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਅਜਿਹਾ ਕਰ ਸਕਿਆ।’ ਉਨ੍ਹਾਂ ਕਿਹਾ, ‘ਮੈਂ ਸੋਚਦਾ ਹਾਂ ਕਿ ਲੋਕਾਂ ਨੂੰ ਇਹ ਜਾਣਨ ’ਚ ਵੀ ਬਹੁਤ ਦਿਲਚਸਪੀ ਹੈ ਕਿ ਮੈਂ ਉਨ੍ਹਾਂ ਲਈ ਕੀ ਕਰਨ ਵਾਲਾ ਹਾਂ।’

