ਮਸਕਟ ‘ਚ ਫਸੇ 5 ਪੰਜਾਬੀ ਨੌਜਵਾਨ, ਸਰਕਾਰ ਤੋਂ ਕੀਤੀ ਮਦਦ ਦੀ ਅਪੀਲ

ਤਰਸਿੱਕਾ : ਰੋਜ਼ੀ-ਰੋਟੀ ਕਮਾਉਣ ਲਈ ਮਸਕਟ ਗਏ ਪੰਜ ਪੰਜਾਬੀਆਂ ਨੇ ਵਿਦੇਸ਼ ‘ਚ ਫਸੇ ਹੋਣ ਕਾਰਨ ਸਰਕਾਰ ਤੋਂ ਵਾਪਸ ਪਰਤਣ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਮਸਕਟ ‘ਚ ਫਸੇ ਪੰਜਾਬੀਆਂ ਦੀ ਵੀਡੀਓ ਸਾਹਮਣੇ ਆਉਣ ‘ਤੇ ਜਦੋਂ ਮਸਕਟ ਫਸੇ ਸ਼ਰਨਦੀਪ ਸਿੰਘ ਨਾਲ ਫੋਨ ‘ਤੇ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਸਾਨੂੰ ਪ੍ਰੇਮ ਸਿੰਘ ਅਤੇ ਅੰਗਰੇਜ ਸਿੰਘ ਪਿੰਡ ਜੋਗੀ ਚੀਮਾ ਜ਼ਿਲ੍ਹਾ ਗੁਰਦਾਸਪੁਰ ਨੇ ਮਸਕਟ ਭੇਜਨ ਲਈ ਸਾਡੇ ਤੋਂ 70 ਹਜ਼ਾਰ ਰੁਪਏ ਪ੍ਰਤੀ ਆਦਮੀ ਲਏ ਸਨ ਤੇ ਸਾਨੂੰ ਮਸਕਟ ਦੀ ਇਕ ਕੰਪਨੀ ‘ਚ ਭੇਜ ਦਿੱਤਾ ਅਤੇ ਸੁਖਨਦੀਪ ਸਿੰਘ, ਨਰੇਸ਼ ਸਿੰਘ, ਸ਼ਰਨਦੀਪ ਸਿੰਘ, ਸਾਹਿਬ ਸਿੰਘ ਨੇ ਦੋ ਮਹੀਨੇ ਦੇ ਕਰੀਬ ਕੰਮ ਕੀਤਾ ਤੇ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ ਜਦੋਂ ਕਿ ਮਨਦੀਪ ਸਿੰਘ ਨੂੰ ਸੱਤ ਤਨਖਾਹਾਂ ਨਹੀਂ ਦਿੱਤੀਆਂ।

ਉਸ ਨੇ ਦੱਸਿਆ ਕਿ ਜਦੋਂ ਅਸੀਂ ਤਨਖਾਹ ਦੀ ਮੰਗ ਕੀਤੀ ਤਾਂ ਸਾਨੂੰ ਕਿਹਾ ਗਿਆ ਕਿ ਤਨਖਾਹ ਨਹੀਂ ਮਿਲਣੀ ਚੁੱਪ ਕਰਕੇ ਕੰਮ ਕਰੀ ਜਾਓ, ਜਦੋਂ ਅਸੀਂ ਕਿਹਾ ਕਿ ਪੈਸਿਆਂ ਤੋਂ ਬਿਨਾਂ ਅਸੀਂ ਕੰਮ ਕਿਵੇਂ ਕਰੀਏ ਤਾਂ ਸਾਨੂੰ ਕੰਪਨੀ ‘ਚੋਂ ਬਾਹਰ ਕੱਢ ਦਿੱਤਾ ਗਿਆ ਤੇ ਹੁਣ ਅਸੀਂ ਬਿਨਾਂ ਪੈਸੇ ਤੋਂ ਸੜਕਾਂ ‘ਤੇ ਧੱਕੇ ਖਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਤੋਂ ਮੰਗ ਹੈ ਕਿ ਸਾਨੂੰ ਵਾਪਸ ਭਾਰਤ ਮੰਗਵਾਇਆ ਜਾਵੇ। ਇਸ ਸਬੰਧੀ ਜਦੋਂ ਏਜੰਟ ਅੰਗਰੇਜ ਸਿੰਘ ਨਾਲ ਫੋਨ ‘ਤੇ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਕੰਪਣੀ ਨਾਲ ਗੱਲ ਹੋਈ ਹੈ ਤੇ ਕੱਲ੍ਹ ਤੱਕ ਮਸਲਾ ਹੱਲ ਕਰ ਲਿਆ ਜਾਵੇਗਾ।

Add a Comment

Your email address will not be published. Required fields are marked *